'ਉੱਚਾ ਦਰ ਬਾਬੇ ਨਾਨਕ ਦਾ' ਦੇ ਟਰੱਸਟੀ ਕਰਨਲ ਅਮਰਜੀਤ ਸਿੰਘ ਉਤੇ ਕਾਤਲਾਨਾ ਹਮਲਾ
'ਉੱਚਾ ਦਰ ਬਾਬੇ ਨਾਨਕ ਦਾ' ਦੇ ਟਰੱਸਟੀ ਕਰਨਲ ਅਮਰਜੀਤ ਸਿੰਘ ਉਤੇ ਕਾਤਲਾਨਾ ਹਮਲਾ
ਸ੍ਰੀ ਖਡੂਰ ਸਾਹਿਬ, 9 ਅਗੱਸਤ (ਕੁਲਦੀਪ ਸਿੰਘ ਮਾਨ ਰਾਮਪੁਰ ਭੁਤਵਿੰਡ) : ਬੀਤੇੇ ਕੁੱਝ ਦਿਨ ਪਹਿਲਾਂ ਲੁਟੇਰੇ ਵਲੋਂ ਲੁੱਟ ਦੀ ਨੀਅਤ ਨਾਲ ਇੰਡਸਟਰੀ ਏਰੀਆ ਸ੍ਰੀ ਗੋਇੰਦਵਾਲ ਸਾਹਿਬ ਦੇ ਪਲਾਟ ਨੰ: 310 ਦੇ ਘਰ ਵਿਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਕਾਤਲਾਨਾ ਹਮਲਾ ਕਰ ਕੇ ਸਾਬਕਾ ਫ਼ੌਜੀ ਅਫ਼ਸਰ ਨੂੰ ਜ਼ਖ਼ਮੀ ਕਰ ਕੇ ਫ਼ਰਾਰ ਹੋ ਰਿਹਾ ਸੀ ਤਾਂ ਗੁਆਂਢੀਆਂ ਦੀ ਮਦਦ ਨਾਲ ਲੁਟੇਰੇ ਨੂੰ ਕਾਬੂ ਕਰ ਕੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿਤਾ ਗਿਆ ਸੀ ਪਰ ਪੁਲਿਸ ਵਲੋਂ ਉਸ ਲੁਟੇਰੇ ਵਿਰੁਧ ਚੋਰੀ ਅਤੇ ਕਾਤਲਾਨਾ ਹਮਲਾ ਕਰਨ ਦੀ ਬਜਾਏ ਲੁਟੇਰੇ 'ਤੇ ਨਸ਼ੇ ਦਾ ਮਾਮੂਲੀ ਕੇਸ ਦਰਜ ਕਰ ਕੇ ਪੁਲਿਸ ਵਲੋਂ ਇਸ ਮਾਮਲੇ 'ਚ ਪੱਲਾ ਝਾੜਨ ਤੇ ਖ਼ਾਨਾਪੂਰਤੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸਾਬਕਾ ਫ਼ੌਜੀ ਅਫ਼ਸਰ ਲੈਫ਼ਟੀਨੈਂਟ ਕਰਨਲ ਅਮਰਜੀਤ ਸਿੰਘ ਨੇ ਅਪਣੀ ਪਤਨੀ ਦਲਵਿੰਦਰ ਕੌਰ ਦੀ ਹਾਜ਼ਰੀ ਵਿਚ ਪੱਤਰਕਾਰਾਂ ਨੂੰ ਸਾਰੀ ਵਿਥਿਆ ਬਿਆਨ ਕਰਦਿਆਂ ਮੌਕਾ ਦਿਖਾਉਂਦਿਆਂ ਦਸਿਆ ਕਿ ਬੀਤੀ 27 ਜੁਲਾਈ ਦੀ ਸ਼ਾਮ 5:30 ਵਜੇ ਦੇ ਕਰੀਬ ਇਕ ਲੁਟੇਰੇ ਵਲੋਂ ਲੁੱਟ ਦੀ ਨੀਅਤ ਨਾਲ ਘਰ ਵਿਚ ਦਾਖ਼ਲ ਹੁੰਦਿਆਂ ਮੇਰੇ 'ਤੇ ਗੰਡਾਸੀ ਨਾਲ ਕਾਤਲਾਨਾ ਹਮਲਾ ਕਰ ਦਿਤਾ ਗਿਆ | ਉਪਰੰਤ ਮੇਰੇ ਬਚਾਉ-ਬਚਾਉ ਦਾ ਰੌਲਾ ਪਾਉਣ 'ਤੇ ਗੁਆਂਢੀਆਂ ਵਲੋਂ ਉਸ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਜਿਸ ਦੇ ਮੂੰਹ ਤੋਂ ਮਾਸਕ ਉਤਾਰਨ 'ਤੇ ਪਤਾ ਚਲਿਆ ਕਿ ਇਹ ਵਿਆਕਤੀ ਨੇੜਲੇ ਪਿੰਡ ਧੂੰਦਾ ਦਾ ਨਿਵਾਸੀ ਸਤਨਾਮ ਸਿੰਘ ਹੈ ਜਿਸ ਦਾ ਪਿਤਾ ਮੇਰੇ ਕੋਲ 15 ਸਾਲ ਬਤੌਰ ਡਰਾਇਵਰੀ ਕਰਦਾ ਰਿਹਾ | ਉਸ ਨੂੰ ਫੜ ਕੇ ਗੁਆਂਢੀਆਂ ਵਲੋਂ ਪੁਲਿਸ ਨੂੰ ਸੂਚਿਤ ਕਰਨ 'ਤੇ ਮੌਕੇ 'ਤੇ ਪੁੱਜੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿਤਾ ਗਿਆ | ਪਰ ਹੈਰਾਨੀ ਉਦੋਂ ਹੋਈ ਜਦੋਂ ਲੁੱਟ ਦੀ ਨੀਅਤ ਨਾਲ ਜਿਸ ਲੁਟੇਰੇ ਵਲੋਂ ਘਰ ਵਿਚ ਦਾਖ਼ਲ ਹੋ ਕੇ ਕਾਤਲਾਨਾ ਹਮਲਾ ਕੀਤਾ ਗਿਆ ਸੀ, ਉਸ ਦਾ ਪੁਲਿਸ ਵਲੋਂ ਪੁਲਿਸ ਰੀਪੋਰਟ ਵਿਚ ਕੋਈ ਜ਼ਿਕਰ ਤਕ ਨਹੀਂ ਸੀ ਕੀਤਾ ਗਿਆ ਅਤੇ ਨਾ ਹੀ ਕੋਈ ਸਾਡੀ ਮੈਡੀਕਲ ਰਿਪੋਰਟ ਅਤੇ ਨਾ ਹੀ ਕੋਈ ਬਿਆਨ ਦਰਜ ਕੀਤੇ ਗਏ | ਉਨ੍ਹਾਂ ਕਿਹਾ ਕਿ ਪੁਲਿਸ ਅਪਣੇ ਫ਼ਰਜ਼ ਨੂੰ ਸਹੀ ਸਮਝ ਕੇ ਲੁਟੇਰੇ ਵਿਰੁਧ ਬਣਦੀ ਉਚਿਤ ਤੇ ਸਖ਼ਤ ਕਾਰਵਾਈ ਕਰੇ ਤਾਂ ਜੋ ਅੱਗੇ ਤੋਂ ਲੋਕਾਂ ਵਿਚ ਖ਼ੌਫ਼ ਤੇ ਡਰ ਭੈਅ ਖ਼ਤਮ ਕੀਤਾ ਜਾ ਸਕੇ | ਇਸ ਮੌਕੇ ਲੈਫ਼ਟੀਨੈਂਟ ਕਰਨਲ ਅਮਰਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਨੇ ਪੁਲਿਸ ਜ਼ਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ ਧਰੁਮਨ
ਐੱਚ. ਨਿੰਬਾਲੇ ਪਾਸੋਂ ਮੰਗ ਕੀਤੀ ਕਿ ਲੁਟੇਰੇ ਵਿਰੁਧ ਸਹੀ ਕਾਰਵਾਈ ਕਰ ਕੇ ਸਾਨੂੰ ਇਨਸਾਫ਼ ਦਿਤਾ ਜਾਵੇ |
ਇਸ ਸਬੰਧੀ ਜਦ ਥਾਣਾ ਗੋਇੰਦਵਾਲ ਸਾਹਿਬ ਦੇ ਐੱਸ.ਐੱਚ.ਓ ਨਵਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੈਫ਼ਟੀਨੈਂਟ
ਕਰਨਲ ਅਮਰਜੀਤ ਸਿੰਘ ਵਲੋਂ ਪਹਿਲਾਂ ਕੋਈ ਲਿਖਤੀ ਦਰਖਾਸਤ ਨਹੀਂ ਸੀ ਦਿਤੀ ਗਈ | ਹੁਣ ਉਨ੍ਹਾਂ ਵਲੋਂ ਲਿਖਤੀ ਦਰਖਾਸਤ ਆ ਚੁੱਕੀ ਹੈ ਉਸ ਆਧਾਰ 'ਤੇ ਉਕਤ ਵਿਆਕਤੀ ਵਿਰੁਧ ਮਾਮਲ ਦਰਜ ਕਰ ਲਿਆ ਗਿਆ ਤੇ ਉਸ ਵਿਰੁਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |