ਕਿਸਾਨ ਸੰਸਦ 'ਚ ਪਹੁੰਚੇ ਜੋਗਿੰਦਰ ਸਿੰਘ ਉਗਰਾਹਾਂ ਦਾ ਕੇਂਦਰ ਸਰਕਾਰ 'ਤੇ ਤਿੱਖਾ ਵਾਰ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਸੰਸਦ 'ਚ ਪਹੁੰਚੇ ਜੋਗਿੰਦਰ ਸਿੰਘ ਉਗਰਾਹਾਂ ਦਾ ਕੇਂਦਰ ਸਰਕਾਰ 'ਤੇ ਤਿੱਖਾ ਵਾਰ

image

ਨਵੀਂ ਦਿੱਲੀ (ਹਰਜੀਤ ਕੌਰ) : ਕਿਸਾਨ ਸੰਸਦ ਦੇ ਅਖੀਰਲੇ ਦਿਨ ਔਰਤਾਂ ਵੱਲੋਂ ਲਗਾਈ ਗਈ ਸੰਸਦ ਵਿਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਸ਼ਮੂਲੀਅਤ ਕੀਤੀ | ਕਿਸਾਨ ਆਗੂ ਨੇ ਕਿਹਾ ਕਿ ਸਾਡੇ ਸਮਾਜ ਵਿਚ ਔਰਤਾਂ ਮਰਦਾਂ ਦੇ ਬਰਾਬਰ ਹਨ | ਉਹਨਾਂ ਕਿਹਾ ਕਿ ਮੋਰਚੇ ਵਿਚ ਸ਼ਾਮਲ ਹੋਈਆਂ ਔਰਤਾਂ ਬਹੁਤ ਜਾਗਰੂਕ ਹਨ, ਉਹਨਾਂ ਨੂੰ  ਖੇਤੀ ਕਾਨੂੰਨਾਂ ਦੇ ਹਰੇਕ ਪਹਿਲੂ ਬਾਰੇ ਭਰਪੂਰ ਜਾਣਕਾਰੀ ਹੈ | ਇਸ ਤੋਂ ਇਲਾਵਾ ਔਰਤਾਂ ਨੂੰ  ਐਮਐਸਪੀ ਬਾਰੇ ਵੀ ਹਰ ਤਰ੍ਹਾਂ ਦੀ ਜਾਣਕਾਰੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਕੋਈ ਵੀ ਨਾਅਰਾ ਦਿੰਦੀ ਹੈ ਤਾਂ ਉਹ ਦਿਖਾਵੇ ਲਈ ਹੁੰਦਾ ਹੈ ਪਰ ਅਸੀਂ ਜਿਹੜਾ ਵੀ ਨਾਅਰਾ ਦਿੱਤਾ ਹੈ, ਉਸ ਨੂੰ  ਅਮਲ ਵਿਚ ਜ਼ਰੂਰ ਲਿਆਂਦਾ ਗਿਆ ਹੈ | ਲੋਕਾਂ ਨੂੰ  ਸਾਡੇ ਨਾਅਰੇ ਦਿਖ ਰਹੇ ਹਨ | ਔਰਤਾਂ ਨੂੰ  ਅੰਦੋਲਨ ਦੀ ਕਮਾਨ ਸੌਂਪ ਕੇ ਕਿਸਾਨ ਮੋਰਚੇ ਨੇ ਵਿਲੱਖਣ ਮਿਸਾਲ ਪੇਸ਼ ਕੀਤੀ ਹੈ |
ਉਗਰਾਹਾਂ ਨੇ ਕਿਹਾ ਕਿ ਸੰਘਰਸ਼ ਕਰਨਾ ਸਾਡਾ ਕੰਮ ਹੈ ਅਤੇ ਅਸੀਂ ਸੰਘਰਸ਼ ਨਹੀਂ ਛੱਡਾਂਗੇ | ਸਰਕਾਰ 'ਤੇ ਇਸ ਲਹਿਰ ਦਾ ਬਹੁਤ ਦਬਾਅ ਹੈ | ਉਹਨਾਂ ਦੱਸਿਆ ਕਿ ਉਹਨਾਂ ਨੇ ਅਪਣੇ ਜੀਵਨ ਵਿਚ ਪਹਿਲੀ ਵਾਰ ਇਸ ਤਰ੍ਹਾਂ ਦਾ ਅੰਦੋਲਨ ਦੇਖਿਆ ਹੈ | 
ਕਿਸਾਨ ਸੰਸਦ ਤੋਂ ਬਾਅਦ ਲਈ ਉਲੀਕੇ ਗਏ ਪ੍ਰੋਗਰਾਮਾਂ ਬਾਰੇ ਗੱਲ ਕਰਦਿਆਂ ਕਿਸਾਨ ਆਗੂ ਨੇ ਦੱਸਿਆ ਕਿ 15 ਅਗਸਤ ਨੂੰ  ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆ ਖਿਲਾਫ਼ ਮਾਰਚ ਕੱਢਿਆ ਜਾਵੇਗਾ | ਉਹਨਾਂ ਕਿਹਾ ਕਿ ਸਾਡਾ ਮਕਸਦ ਦੇਸ਼ ਨੂੰ  ਕਾਰਪੋਰੇਟ ਮੁਕਤ ਕਰਨਾ ਹੈ ਕਿਉਂਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਹੇਠ ਕੰਮ ਕਰਦੀ ਆ ਰਹੀ ਹੈ | 
ਆਜ਼ਾਦੀ ਦਿਹਾੜੇ ਸਬੰਧੀ ਗੱਲ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਸਾਨੂੰ ਸਿਰਫ਼ ਬੋਲਣ ਦੀ ਆਜ਼ਾਦੀ ਮਿਲੀ ਹੈ | ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ  ਦੱਸਾਂਗੇ ਕਿ ਸਰਕਾਰ ਨੇ ਦੇਸ਼ ਦੀ ਸਥਿਤੀ ਵਿਗਾੜੀ ਹੈ | 
ਸੰਯੁਕਤ ਕਿਸਾਨ ਮੋਰਚੇ ਦੇ ਅੰਦਰੂਨੀ ਵਿਵਾਦ ਬਾਰੇ ਗੱਲ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਵੱਖ-ਵੱਖ ਵਿਚਾਰਧਾਰਾ ਦੀਆਂ ਜਥੇਬੰਦੀਆਂ ਦੇ ਇਕੱਠੇ ਹੋਣ ਤੋਂ ਬਾਅਦ ਵਿਚਾਰਕ ਵਖਰੇਵੇਂ ਹੋਣਾ ਆਮ ਗੱਲ ਹੈ | ਸੰਯੁਕਤ ਕਿਸਾਨ ਮੋਰਚੇ ਨੇ ਕਿਸੇ ਨੂੰ  ਬਾਹਰ ਨਹੀਂ ਕੀਤਾ, ਸਾਰੇ ਆਗੂ ਸਾਡੇ ਅਪਣੇ ਹਨ | ਕਿਸਾਨ ਆਗੂ ਨੇ ਲੋਕਾਂ ਨੂੰ  ਅਪੀਲ ਕੀਤੀ ਕਿ ਇਹ ਦੇਸ਼ ਦੇ ਲੋਕਾਂ ਦਾ ਅੰਦੋਲਨ ਹੈ | ਇਸ ਦੇ ਸਮਰਥਨ ਲ਼ਈ ਮੈਦਾਨ ਵਿਚ ਉੱਤਰੋ ਤਾਂ ਕਿ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ |