ਖੇਡ ਰਤਨ ਪੁਰਸਕਾਰ ਦਾ ਨਾਮ ਬਦਲਣਾ ਲੋਕਾਂ ਦੀ ਇੱਛਾ ਨਹੀਂ, ਸਗੋਂ ਇਕ 'ਸਿਆਸੀ ਖੇਡ' ਹੈ : ਸ਼ਿਵ ਸੈਨਾ
ਖੇਡ ਰਤਨ ਪੁਰਸਕਾਰ ਦਾ ਨਾਮ ਬਦਲਣਾ ਲੋਕਾਂ ਦੀ ਇੱਛਾ ਨਹੀਂ, ਸਗੋਂ ਇਕ 'ਸਿਆਸੀ ਖੇਡ' ਹੈ : ਸ਼ਿਵ ਸੈਨਾ
ਕਿ੍ਕੇਟ 'ਚ ਮੋਦੀ ਦਾ ਕੀ ਯੋਗਦਾਨ ਹੈ, ਜੋ ਅਹਿਮਦਾਬਾਦ ਦੇ ਸਟੇਡੀਅਮ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰਖਿਆ ਗਿਆ
ਮੁੰਬਈ, 9 ਅਗੱਸਤ : ਸ਼ਿਵ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਮ ਬਦਲ ਕੇ ਹਾਕੀ ਦੇ ਮਹਾਨ ਖਿਡਾਰੀ ਧਿਆਨਚੰਦ ਦੇ ਨਾਮ 'ਤੇ ਰੱਖਣ ਦਾ ਫ਼ੈਸਲਾ ਲੋਕਾਂ ਦੀ ਇੱਛਾ ਨਹੀਂ ਸਗੋਂ ਇਕ 'ਸਿਆਸੀ ਖੇਡ' ਹੈ | ਪਾਰਟੀ ਦੇ ਅਪਣੇ ਅਖ਼ਬਾਰ 'ਸਾਮਨਾ' ਵਿਚ ਸੋਮਵਾਰ ਨੂੰ ਪ੍ਰਕਾਸ਼ਤ ਇਕ ਸੰਪਾਦਕੀ 'ਚ ਪੁਛਿਆ ਗਿਆ ਕਿ ਕਿ੍ਕੇਟ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀ ਯੋਗਦਾਨ ਹੈ, ਜੋ ਅਹਿਮਦਾਬਾਦ 'ਚ ਸਟੇਡੀਅਮ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰਖਿਆ ਗਿਆ ਹੈ |
ਭਾਰਤ ਵਿਚ ਖੇਡ ਜਗਤ ਦੇ ਸਰਵਉੱਚ ਸਨਮਾਨ 'ਖੇਡ ਰਤਨ ਪਰੁਸਕਾਰ' ਦਾ ਨਾਮ ਪਹਿਲਾਂ ਸਾਬਕਾ ਪ੍ਰਧਾਨ ਰਾਜੀਵ ਗਾਂਧੀ ਦੇ ਨਾਮ 'ਤੇ ਸੀ, ਜਿਸ ਨੂੰ ਟੋਕੀਉ ਉਲੰਪਿਕ 'ਚ ਮੁੰਡਿਆਂ ਤੇ ਕੁੜੀਆਂ ਦੀ ਹਾਕੀ ਟੀਮ ਦੇ ਸ਼ਲਾਘਾਯੋਗ ਪ੍ਰਦਰਸ਼ਨ ਤੋਂ ਬਾਅਦ ਸ਼ੁਕਰਵਾਰ ਨੂੰ ਬਦਲ ਕੇ 'ਹਾਕੀ ਦੇ ਜਾਦੂਗਰ' ਮੇਜਰ ਧਿਆਨਚੰਦ ਦੇ ਨਾਂ 'ਤੇ ਰੱਖ ਦਿਤਾ ਗਿਆ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਦੇਸ਼ ਭਰ ਤੋਂ ਨਾਗਰਿਕਾਂ ਨੇ ਉਨ੍ਹਾਂ ਨੂੰ ਖੇਡ ਰਤਨ ਦਾ ਨਾਮ ਮੇਜਰ ਧਿਆਨ ਚੰਦ ਦੇ ਨਾਮ 'ਤੇ ਰੱਖਣ ਦੀ ਅਪੀਲ ਕੀਤੀ ਸੀ | ਸ਼ਿਵ ਸੈਨਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਅਤਿਵਾਦੀ ਹਮਲਿਆਂ ਦਾ ਸ਼ਿਕਾਰ ਹੋਏ ਸਨ | ਨੇਤਾਵਾਂ 'ਚ ਸਿਆਸੀ ਮਤਭੇਦ ਹੋ ਸਕਦਾ ਹੈ ਪਰ ਦੇਸ਼ ਦੇ ਵਿਕਾਸ ਲਈ ਉਨ੍ਹਾਂ ਦੇ ਬਲੀਦਾਨ ਦਾ ਇਸ ਤਰ੍ਹਾਂ ਮਖੌਲ ਨਹੀਂ ਉਡਾਇਆ ਜਾ ਸਕਦਾ | ਸੰਪਾਦਕੀ ਵਿਚ ਕਿਹਾ ਗਿਆ,''ਰਾਜੀਵ ਗਾਂਧੀ ਖੇਡ ਰਤਨ ਦਾ ਨਾਮ ਬਦਲ ਕੇ ਮੇਜਰ ਧਿਆਨ ਚੰਦ ਖੇਡ ਰਤਨ ਕਰਨਾ ਲੋਕਾਂ ਦੀ ਇੱਛਾ ਨਹੀਂ ਸਗੋਂ ਇਕ ਸਿਆਸੀ ਖੇਡ ਹੈ |
ਮੇਜਰ ਧਿਆਨਚੰਦ ਦਾ ਸਨਮਾਨ, ਰਾਜੀਵ ਗਾਂਧੀ ਦੇ ਬਲੀਦਾਨ ਦਾ ਅਪਮਾਨ ਕੀਤੇ ਬਿਨਾਂ ਵੀ ਕੀਤਾ ਜਾ ਸਕਦਾ
ਹੈ ਪਰ ਦੇਸ਼ ਵਿਚ ਇਸ ਤਰ੍ਹਾਂ ਦੀ ਰਵਾਇਤ ਖ਼ਤਮ ਹੋ ਗਈ ਹੈ | ਇਸ ਨਾਲ ਧਿਆਨ ਚੰਦ ਵੀ ਸਵਰਗ 'ਚ ਦੁਖੀ ਹੋਏ ਹੋਣਗੇ |''
ਸੰਪਾਦਕੀ 'ਚ ਦਾਅਵਾ ਕੀਤਾ ਗਿਆ,''ਰਾਜੀਵ ਗਾਂਧੀ ਦਾ ਨਾਮ ਹਟਾਉਣਾ ਸਿਰਫ ਸਿਆਸੀ ਸਟੰਟ ਹੈ |'' ਸ਼ਿਵ ਸੈਨਾ ਨੇ ਕਿਹਾ ਕਿ ਭਾਜਪਾ ਦੇ ਕਈ ਨੇਤਾਵਾਂ ਨੇ ਸਵਾਲ ਉਠਾਇਆ ਹੈ ਕਿ ਕੀ ਰਾਜੀਵ ਗਾਂਧੀ ਨੇ ਕਦੇ ਹਾਕੀ ਹੱਥ ਵਿਚ ਵੀ ਲਈ ਸੀ | ਇਸ ਨੇ ਕਿਹਾ,''ਲੋਕ ਇਹ ਵੀ ਪੁੱਛ ਰਹੇ ਹਨ ਕਿ ਨਰਿੰਦਰ ਮੋਦੀ ਦਾ ਕਿ੍ਕਟ ਵਿਚ ਕੀ ਯੋਗਦਾਨ ਹੈ, ਜੋ ਸਰਦਾਰ ਪਟੇਲ ਦਾ ਨਾਮ ਹਟਾ ਕੇ ਅਹਿਮਦਾਬਾਦ ਸਟੇਡੀਅਮ ਦਾ ਨਾਮ ਉਨ੍ਹਾਂ ਦੇ (ਮੋਦੀ) ਦੇ ਨਾਮ 'ਤੇ ਕੀਤਾ ਗਿਆ |'' (ਪੀਟੀਆਈ)