ਵਿਰੋਧੀ ਧਿਰ ਦੇ ਰੌਲੇ ਅਤੇ ਵਾਕਆਊਟ ਵਿਚਾਲੇ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਉਠੀ
ਵਿਰੋਧੀ ਧਿਰ ਦੇ ਰੌਲੇ ਅਤੇ ਵਾਕਆਊਟ ਵਿਚਾਲੇ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਉਠੀ
ਕੇਂਦਰ ਸਰਕਾਰ ਤੇ ਵਿਰੋਧੀ ਮੈਂਬਰਾਂ ਵਿਚਾਲੇ ਰੇੜਕਾ ਜਾਰੀ
ਵਿਰੋਧੀ ਮੈਂਬਰਾਂ ਦੇ ਰੌਲੇ ਵਿਚਾਲੇ ਤਿੰਨ ਬਿਲ ਪਾਸ ਕੀਤੇ
ਨਵੀਂ ਦਿੱਲੀ, 9 ਅਗੱਸਤ : ਪੇਗਾਸਸ ਜਾਸੂਸੀ ਮਾਮਲਾ, ਖੇਤੀ ਕਾਨੂੰਨ ਤੇ ਕੁੱਝ ਹੋਰ ਮੁੱਦਿਆਂ 'ਤੇ ਕਾਂਗਰਸ, ਤਿ੍ਣਮੂਲ ਕਾਂਗਰਸ ਅਤੇ ਹੋਰ ਵਿਰੋਧੀ ਦਲਾਂ ਦੇ ਮੈਂਬਰਾਂ ਵਲੋਂ ਸੋਮਵਾਰ ਨੂੰ ਵੀ ਲੋਕਸਭਾ ਵਿਚ ਰੌਲਾ ਪਾਉਣ ਕਾਰਨ ਸਦਨ ਦੀ ਕਾਰਵਾਈ ਚਾਰ ਵਾਰ ਮੁਲਤਵੀ ਕਰਨ ਤੋਂ ਬਾਅਦ ਪੂਰੇ ਦਿਨ ਲਈ ਉਠਾ ਦਿਤੀ ਗਈ | ਵਿਰੋਧੀ ਮੈਂਬਰਾਂ ਦੇ ਰੌਲੇ ਵਿਚਾਲੇ ਤਿੰਨ ਬਿਲ ਪਾਸ ਕੀਤੇ ਗਏ | ਸਰਕਾਰ ਨੇ ਸਿਆਸੀ ਰੂਪ ਤੋਂ ਮਹੱਤਵਪੂਰਨ ਮੰਨੇ ਜਾਣ ਵਾਲੇ ਹੋਰ ਪਛੜੇ ਵਰਗ (ਓਬੀਸੀ) ਸੋਧ ਬਿਲ 2021 ਨੂੰ ਮਨਜ਼ੂਰੀ ਦਿਤੀ, ਇਸ ਨਾਲ ਹੀ ਕੇਂਦਰੀ ਮੰਤਰੀ ਸਰਵਾਨੰਦ ਸੋਨੋਵਾਲ ਨੇ ਰਾਸ਼ਟਰੀ ਹੋਮਿਊਪੈਥੀ ਆਯੋਗ ਸੋਧ ਬਿਲ 2021 ਅਤੇ ਰਾਸ਼ਟਰੀ ਸਿਹਤ ਪ੍ਰਣਾਲੀ ਆਯੋਗ ਸੋਧ ਬਿਲ 2021 ਵੀ ਪੇਸ਼ ਕੀਤੇ |
ਸੋਮਵਾਰ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਲੋਕਸਭਾ ਪ੍ਰਧਾਨ ਓਮ ਬਿਰਲਾ ਨੇ 1942 ਦੇ ਭਾਰਤ ਛੱਡੋ ਅੰਦੋਲਨ ਦੇ 79 ਸਾਲ ਪੂਰੇ ਹੋਣ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਭਾਰਤ ਦੇ ਆਜ਼ਾਦੀ ਅੰਦੋਲਨ ਦੀ ਸੱਭ ਤੋਂ ਮਹੱਤਪੂਰਨ ਘਟਨਾਵਾਂ ਵਿਚੋਂ ਇਕ ਸੀ | ਸਦਨ ਨੇ ਕੁੱਝ ਪਲ ਮੌਨ ਰਹਿ ਕੇ ਮਹਾਤਮਾ ਗਾਂਧੀ ਅਤੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ | ਲੋਕਸਭਾ ਤੇ ਰਾਜਸਭਾ ਵਿਚ ਟੋਕੀਉ ਉਲੰਪਿਕ ਵਿਚ ਭਾਰਤ ਲਈ ਤਮਗ਼ੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਤੇ ਵਧਾਈ ਦਿਤੀ | ਇਸ ਤੋਂ ਬਾਅਦ ਜਿਵੇਂ ਹੀ ਲੋਕਸਭਾ ਪ੍ਰਧਾਨ ਨੇ ਪ੍ਰਸ਼ਨਕਾਲ ਸ਼ੁਰੂ ਕਰਨ ਲਈ ਕਿਹਾ, ਉਦੋਂ ਹੀ ਕਾਂਗਰਸ ਤੇ ਤਿ੍ਣਮੂਲ ਕਾਂਗਰਸ ਸਮੇਤ ਕੁੱਝ ਹੋਰ ਵਿਰੋਧੀ ਦਲਾਂ ਦੇ ਮੈਂਬਰਾਂ ਨੇ ਆਸਣ ਨੇੜੇ ਆ ਕੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ | ਇਸ ਦੌਰਾਨ ਸਦਨ ਵਿਚ ਇਕ ਪ੍ਰਸ਼ਨ ਪੁਛਿਆ ਗਿਆ | ਸਦਨ ਵਿਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ, ਮਨੀਸ਼ ਤਿਵਾੜੀ ਅਤੇ ਤਿ੍ਣਮੂਲ ਕਾਂਗਰਸ ਦੇਸੌਗਤ ਰਾਏ ਨੇ ਰੌਲੇ ਵਿਚਾਲੇ ਬਿਲਾਂ ਨੂੰ ਪੇਸ਼ ਕੀਤੇ ਜਾਣ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਸੰਵਿਧਾਨ ਅਤੇ ਸਦਨ ਦੇ ਨਿਯਮਾਂ ਦੀ ਉਲੰਘਣਾ ਹੈ | ਹੋਰ ਆਗੂਆਂ ਨੇ ਵੀ ਬਿਲ ਪਾਸ ਕਰਵਾਉਣ ਦਾ ਵਿਰੋਧ ਕੀਤਾ | ਸਦਨ ਵਿਚ ਨਾਹਰੇਬਾਜ਼ੀ ਜਾਰੀ ਰਹਿਣ 'ਤੇ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿਤੀ ਗਈ |
ਇਸੇ ਤਰ੍ਹਾਂ ਰਾਜਸਭਾ ਵਿਚ ਵੀ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਭਾਰਤ ਛੱਡੋ ਅੰਦੋਲਨ ਦੀ 79ਵੀਂ ਵਰ੍ਹੇਗੰਢ 'ਤੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਪੂਰੇ ਸਦਨ ਨੇ ਮੌਨ ਰਹਿ ਕੇ ਸ਼ਰਧਾਂਜਲੀ ਦਿਤੀ | ਇਸ ਤੋਂ ਬਾਅਦ ਪੇਗਾਸਸ, ਖੇਤੀ ਕਾਨੂੰਨਾਂ ਸਮੇਤ ਹੋਰ ਮੁੱਦਿਆਂ 'ਤੇ ਵਿਰੋਧੀ ਮੈਂਬਰਾਂ ਦੇ ਰੌਲੇ ਕਾਰਨ ਕਾਰਵਾਈ ਵਾਰ ਵਾਰ ਰੁਕਦੀ ਰਹੀ | ਕਾਂਗਰਸ, ਤਿ੍ਣਮੂਲ ਕਾਂਗਰਸ ਅਤੇ ਦ੍ਰਮੁਕ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਵੀ ਕੀਤਾ | ਹਾਲਾਂਕਿ ਇਸ ਦੌਰਾਨ ਸਰਕਾਰ ਤਿੰਨ ਬਿਲਾਂ ਨੂੰ ਸਦਨ ਮਨਜ਼ੂਰੀ ਦਿਵਾਉਣ ਵਿਚ ਸਫ਼ਲ ਰਹੀ | ਇਨ੍ਹਾਂ ਬਿਲਾਂ ਵਿਚ ਸੰਵਿਧਾਨ (ਅਨੁਸੂਚਿਤ ਜਨਜਾਤੀ) ਆਦੇਸ਼ (ਸੋਧ) ਬਿਲ, 2021, ਸੀਮਤ ਦੇਣਦਾਰੀ ਭਾਈਵਾਲੀ (ਸੋਧ) ਬਿਲ 2021 ਅਤੇ ਜਮ੍ਹਾਂ ਬੀਮਾ ਅਤੇ ਕ੍ਰੈਡਿਟ ਗਾਰੰਟੀ ਨਿਗਮ (ਸੋਧ) ਬਿਲ 2021 ਸ਼ਾਮਲ ਹਨ | ਵਿਰੋਧੀ ਧਿਰਾਂ ਦੇ ਮੈਂਬਰਾਂ ਦੇ ਰੌਲਾ ਵਧਦਾ ਦੇਖ ਸਭਾਪਤੀ ਨੇ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਹੋਣ ਤੋਂ ਬਾਅਦ ਪੂਰੇ ਦਿਨ ਲਈ ਉਠਾ ਦਿਤੀ | ਰੌਲੇ ਕਾਰਨ ਸਦਨ ਵਿਚ ਪ੍ਰਸ਼ਨਕਾਰ ਅਤੇ ਸਿਫ਼ਰਕਾਲ ਨਹੀਂ ਹੋ ਸਕੇ | (ਪੀਟੀਆਈ)