ਭਾਰਤ-ਪਾਕਿ ਸਰਹੱਦ ਨੇੜਿਉਂ ਬੀ.ਐਸ.ਐਫ਼. ਨੇ ਕਾਬੂ ਕੀਤੇ ਦੋ ਪਾਕਿਸਤਾਨੀ ਘੁਸਪੈਠੀਏ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ-ਪਾਕਿ ਸਰਹੱਦ ਨੇੜਿਉਂ ਬੀ.ਐਸ.ਐਫ਼. ਨੇ ਕਾਬੂ ਕੀਤੇ ਦੋ ਪਾਕਿਸਤਾਨੀ ਘੁਸਪੈਠੀਏ

image

ਕਲਾਨੌਰ, 10 ਅਗੱਸਤ (ਗੁਰਦੇਵ ਸਿੰਘ ਰਜਾਦਾ) : ਭਾਰਤ-ਪਾਕਿਸਤਾਨ ਸਰਹੱਦ 'ਤੇ ਆਏ ਦਿਨ ਡਰੋਨ ਗਤੀਵਿਧੀਆਂ ਅਤੇ ਹੈਰੋਇਨ ਮਿਲਣ ਦੀ ਜਾਣਕਾਰੀ ਮਿਲਦੀ ਹੀ ਰਹਿੰਦੀ ਹੈ ਅਤੇ ਕਈ ਵਾਰ ਘੁਸਪੈਠੀਆਂ ਵੱਲੋਂ ਵੀ ਸਰਹੱਦ ਪਾਰ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਸਰਹੱਦ ਤੋਂ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਕ ਅੱਜ ਸਵੇਰੇ 11 ਵਜੇ ਦੇ ਕਰੀਬ ਭਾਰਤ-ਪਾਕਿਸਤਾਨ ਸਰਹੱਦ 'ਤੇ ਡੇਰਾ ਬਾਬਾ ਨਾਨਕ ਪੋਸਟ ਨੇੜੇ ਬੀ.ਐੱਸ.ਐੱਫ ਦੀ 10 ਬਟਾਲੀਅਨ ਨੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ  ਭਾਰਤੀ ਸਰਹੱਦ ਵਿਚ ਦਾਖ਼ਲ ਹੋਣ 'ਤੇ ਗਿ੍ਫ਼ਤਾਰ ਕੀਤਾ ਹੈ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਪ੍ਰਭਾਕਰ ਜੋਸ਼ੀ ਨੇ ਦਸਿਆ ਕਿ ਦੋਵੇਂ ਪਾਕਿਸਤਾਨੀ ਨਾਗਰਿਕਾਂ ਨੂੰ  ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ | ਇਨ੍ਹਾਂ ਪਾਕਿਸਤਾਨੀਆਂ ਦੀ ਪਛਾਣ ਕਿਸ਼ਨ ਮਸੀਹ (26) ਪੁੱਤਰ ਸਾਲਿਮ ਮਸੀਹ ਅਤੇ ਰਬੀਜ਼ ਮਸੀਹ (18) ਪੁੱਤਰ ਸਾਜਿਦ ਮਸੀਹ ਵਾਸੀ ਭੋਲਾ ਬਾਜਵਾ ਜ਼ਿਲ੍ਹਾ ਨਾਰੋਵਾਲ, ਪਾਕਿਸਤਾਨ ਵਜੋਂ ਹੋਈ ਹੈ | ਤਲਾਸ਼ੀ ਲੈਣ 'ਤੇ ਇਨ੍ਹਾਂ ਕੋਲੋਂ ਪਾਕਿਸਤਾਨੀ ਕਰੰਸੀ ਦੇ ਪੰਜ ਸੌ ਰੁਪਏ, ਦੋ ਸ਼ਨਾਖ਼ਤੀ ਕਾਰਡ, ਤਮਾਕੂ ਦਾ ਇਕ ਪੈਕੇਟ ਅਤੇ ਦੋ ਮੋਬਾਈਲ ਵੀ ਬਰਾਮਦ ਕੀਤੇ ਗਏ ਹਨ |
10 ਗੁਰਦੇਵ ਕਲਾਨੌਰ 1