ਪੰਜਾਬ ’ਚ 6000 ਤੋਂ ਵਧ ਨਿਜੀ ਬਸਾਂ ਦਾ ਪੂਰਾ ਦਿਨ ਰਿਹਾ ਚੱਕਾ ਜਾਮ
ਪੰਜਾਬ ’ਚ 6000 ਤੋਂ ਵਧ ਨਿਜੀ ਬਸਾਂ ਦਾ ਪੂਰਾ ਦਿਨ ਰਿਹਾ ਚੱਕਾ ਜਾਮ
ਟੈਕਸ ਮਾਫ਼ੀ ਤੇ ਕਿਰਾਇਆ ਵਧਾਉਣ ਦੀ ਮੰਗ ਨੂੰ ਲੈ ਕੇ ਕੀਤਾ ਐਕਸ਼ਨ, ਬੱਸ ਅੱਡੇ ਬੰਦ ਕਰਨ ਤੋਂ ਇਲਾਵਾ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਵੀ ਕੀਤਾ ਜਾਮ
ਚੰਡੀਗੜ੍ਹ, 9 ਅਗੱਸਤ (ਭੁੱਲਰ): ਪੰਜਾਬ ਵਿਚ ਅੱਜ ਨਿਜੀ ਬੱਸ ਅਪ੍ਰੇਟਰਾਂ ਦੀ ਇਕ ਦਿਨ ਦੀ ਹੜਤਾਲ ਕਾਰਨ ਸੂਬੇ ਵਿਚ 6000 ਤੋਂ ਬਸਾਂ ਦਾ ਚੱਕਾ ਜਾਮ ਰਿਹਾ। ਇਨ੍ਹਾਂ ਵਿਚ 4400 ਦੇ ਕਰੀਬ ਮਿੰਨੀ ਬਸਾਂ ਵੀ ਸ਼ਾਮਲ ਹਨ। ਇਸ ਹੜਤਾਲ ਦੇ ਸੱਦਾ 2021 ਦੇ ਆਖ਼ਰੀ ਚਾਰ ਮਹੀਨੇ ਦੇ ਟੈਕਸ ਦੀ ਮਾਫ਼ੀ, ਬੱਸ ਕਿਰਾਇਆ ਵਿਚ ਵਾਧੇ ਅਤੇ ਔਰਤਾਂ ਨੂੰ ਸਰਕਾਰੀ ਬਸਾਂ ’ਚ ਮੁਫ਼ਤ ਸਫ਼ਰ ਸਹੂਲਤ ਦੇ ਵਿਰੋਧ ਵਿਚ ਦਿਤਾ ਗਿਆ ਸੀ। ਵੱਖ ਵੱਖ ਜ਼ਿਲ੍ਹਿਆਂ ਤੋਂ ਮਿਲੀਆਂ ਰੀਪੋਰਟਾਂ ਮੁਤਾਬਕ ਨਿਜੀ ਬਸਾਂ ਦੀ ਆਵਾਜਾਈ ਠੱਪ ਹੋਣ ਕਾਰਨ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸਰਕਾਰੀ ਬੱਸ ਸੇਵਾ ਆਮ ਵਾਂਗ ਚਲੀ ਪਰ ਕੁੱਝ ਥਾਵਾਂ ’ਤੇ ਨਿਜੀ ਬੱਸ ਅਪ੍ਰੇਟਰਾਂ ਵਲੋਂ ਬੱਸ ਅੱਡੇ ਬੰਦ ਕੀਤੇ ਜਾਣ ਕਾਰਨ ਕੁੱਝ ਸਮੇਂ ਲਈ ਸਰਕਾਰੀ ਬੱਸ ਸੇਵਾ ਵੀ ਪ੍ਰਭਾਵਤ ਹੋਈ। ਨਿਜੀ ਬੱਸ ਅਪ੍ਰੇਟਰਾਂ ਨੇ ਰੋਸ ਮਾਰਚ ਵੀ ਕੀਤੇ ਅਤੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਜਾਮ ਕਰਨ ਤੋਂ ਇਲਾਵਾ ਕੁੱਝ ਹੋਰ ਥਾਵਾਂ ਉਪਰ ਵੀ ਜਾਮ ਲਾ ਕੇ ਰੋਸ ਦਰਜ ਕਰਵਾਇਆ। ਬੱਸ ਅਪ੍ਰੇਟਰ ਐਸੋਸੀਏਸ਼ਨ ਦੇ ਸਕੱਤਰ ਰਜਿੰਦਰ ਸਿੰਘ ਬਾਜਵਾ ਨੇ ਦਸਿਆ ਕਿ 14 ਅਗੱਸਤ ਤਕ ਨਿਜੀ ਬਸਾਂ ’ਤੇ ਲਗਾਤਾਰ ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ ਅਤੇ 15 ਅਗੱਸਤ ਨੂੰ ਸੰਕੇਤਕ ਤੌਰ ’ਤੇ ਇਕ ਬੱਸ ਜਲਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਸੰਘਰਸ਼ ਹੋਰ ਤੇਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਪੂਰੇ ਹਫ਼ਤੇ ਦੀ ਥਾਂ ਸਨਿਚਰਵਾਰ ਤੇ ਐਤਵਾਰ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿਤੀ ਜਾਣੀ ਚਾਹੀਦੀ ਹੈ ਅਤੇ ਨਿਜੀ ਬਸਾਂ ’ਤੇ ਵੀ ਇਕਸਾਰ ਨੀਤੀ ਲਾਗੂ ਹੋਵੇ। ਇਸ ਗੱਲ ’ਤੇ ਰੋਸ ਪ੍ਰਗਟ ਕੀਤਾ ਗਿਆ ਕਿ ਮੁੱਖ ਮੰਤਰੀ ਦੇ ਐਲਾਨ ਦੇ ਬਾਵਜੂਦ ਟੈਕਸ ਮਾਫ਼ੀ ਨਹੀਂ ਹੋ ਰਹੀ।