ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਪੰਜਾਬ

ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ

image


ਬਿਹਾਰ ਵਿਚ ਬਣੇਗੀ ਮਹਾਂਗਠਜੋੜ ਦੀ ਸਰਕਾਰ, ਨਿਤੀਸ਼ ਅੱਜ ਮੁੜ ਚੁਕਣਗੇ ਮੁੱਖ ਮੰਤਰੀ ਵਜੋਂ ਸਹੁੰ, ਤੇਜਸਵੀ ਬਣਨਗੇ ਉਪ ਮੁੱਖ ਮੰਤਰੀ

ਪਟਨਾ, 9 ਅਗੱਸਤ : ਬਿਹਾਰ 'ਚ ਭਾਜਪਾ ਅਤੇ ਜੇਡੀਯੂ ਦਾ ਗਠਜੋੜ ਟੁੱਟ ਗਿਆ ਹੈ | ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 8 ਸਾਲ 'ਚ ਦੂਜੀ ਵਾਰ ਅਪਣੇ ਸਹਿਯੋਗੀ ਭਾਜਪਾ ਪਾਰਟੀ ਨਾਲੋਂ ਨਾਤਾ ਤੋੜ ਲਿਆ ਹੈ | ਉਨ੍ਹਾਂ ਮੰਗਲਵਾਰ ਸ਼ਾਮ ਚਾਰ ਵਜੇ ਰਾਜਪਾਲ ਫਾਗੂ ਚੌਹਾਨ ਨਾਲ ਮੁਲਾਕਾਤ ਕਰਨ ਮਗਰੋਂ ਮੁੱਖ ਮੰਤਰੀ ਅਹੁਦੇ ਤੋਂ ਅਪਣਾ ਅਸਤੀਫ਼ਾ ਸੌਂਪ ਦਿਤਾ | ਉਨ੍ਹਾਂ ਨੇ ਰਾਜਪਾਲ ਨੂੰ  160 ਵਿਧਾਇਕਾਂ ਦੇ ਸਮਰਥਨ ਵਾਲੀ ਚਿੱਠੀ ਵੀ ਸੌਂਪੀ | ਇਸ ਤੋਂ ਬਾਅਦ ਉਹ ਰਾਬੜੀ ਦੇਵੀ ਦੀ ਰਿਹਾਇਸ਼ 'ਤੇ ਪਹੁੰਚੇ, ਜਿਥੇ ਉਨ੍ਹਾਂ ਨੂੰ  ਮਹਾਂਗਠਜੋੜ ਦਾ ਨੇਤਾ ਚੁਣਿਆ ਗਿਆ | ਇਥੇ ਜੀਤਨ ਰਾਮ ਮਾਂਝੀ ਦੀ ਪਾਰਟੀ ਐਚਏਐਮ ਵੀ ਨਿਤੀਸ਼ ਨਾਲ ਜੁੜ ਗਈ | ਉਨ੍ਹਾਂ ਦੇ 4 ਵਿਧਾਇਕ ਹਨ | ਇਸ ਤੋਂ ਬਾਅਦ ਨਿਤੀਸ਼ ਅਤੇ ਤੇਜਸਵੀ ਨੇ ਇਕ ਵਾਰ ਫਿਰ ਰਾਜਪਾਲ ਨਾਲ ਮੁਲਾਕਾਤ ਕੀਤੀ | ਇਸ ਵਾਰ ਉਨ੍ਹਾਂ ਨੇ 164 ਵਿਧਾਇਕਾਂ ਦੇ ਸਮਰਥਨ ਵਾਲੀ ਚਿੱਠੀ ਰਾਜਪਾਲ ਨੂੰ  ਸੌਂਪੀ | ਜਿਸ ਤੋਂ ਬਾਅਦ ਸਰਬਸੰਮਤੀ ਨਾਲ 'ਮਹਾਂਗਠਜੋੜ' ਦਾ ਨੇਤਾ ਚੁਣੇ ਜਾਣ ਬਾਅਦ ਉਨ੍ਹਾਂ ਨੇ ਨਵੀਂ ਸਰਕਾਰ ਦੇ ਗਠਨ ਦਾ ਦਾਅਵਾ ਪੇਸ਼ ਕੀਤਾ |
ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ ਬੁਧਵਾਰ ਦੁਪਹਿਰ 2 ਵਜੇ ਇਕ ਵਾਰ ਫਿਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ | ਉਨ੍ਹਾਂ ਦੇ ਨਾਲ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਣਗੇ |    
ਨਿਤੀਸ ਅਤੇ ਤੇਜਸਵੀ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਰਾਜ ਭਵਨ 'ਚ ਪ੍ਰੈੱਸ ਕਾਨਫਰੰਸ ਕੀਤੀ | ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ  7 ਪਾਰਟੀਆਂ ਦੇ 164 ਵਿਧਾਇਕਾਂ ਦੇ ਸਮਰਥਨ ਦਾ ਪੱਤਰ ਸੌਂਪਿਆ ਹੈ | ਹੁਣ ਇਹ ਰਾਜਪਾਲ 'ਤੇ ਨਿਰਭਰ ਕਰਦਾ ਹੈ ਕਿ ਉਹ ਕਦੋਂ ਉਨ੍ਹਾਂ ਨੂੰ  ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹਨ | ਇਸ ਤੋਂ ਬਾਅਦ ਤੇਜਸਵੀ ਯਾਦਵ ਨੇ ਕਿਹਾ ਭਾਜਪਾ ਦਾ ਕੋਈ ਗਠਜੋੜ ਸਹਿਯੋਗੀ ਨਹੀਂ ਹੈ, ਇਤਿਹਾਸ ਦਸਦਾ ਹੈ ਕਿ ਭਾਜਪਾ ਉਨ੍ਹਾਂ
ਪਾਰਟੀਆਂ ਨੂੰ  ਤਬਾਹ ਕਰ ਦਿੰਦੀ ਹੈ ਜਿਨ੍ਹਾਂ ਨਾਲ ਉਹ ਗਠਜੋੜ ਕਰਦੀ ਹੈ | ਅਸੀਂ ਦੇਖਿਆ ਕਿ ਪੰਜਾਬ ਅਤੇ ਮਹਾਰਾਸ਼ਟਰ ਵਿਚ ਕੀ ਹੋਇਆ | ਪੂਰੇ ਉੱਤਰ ਭਾਰਤ ਵਿਚ ਭਾਜਪਾ ਦਾ ਹੁਣ ਕੋਈ ਵੱਡਾ ਸਹਿਯੋਗੀ ਨਹੀਂ ਹੈ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਫਿਰਕਾਪ੍ਰਸਤੀ ਵਧ ਰਹੀ ਹੈ, ਸਮਾਜਕ ਨਿਆਂ ਪ੍ਰਭਾਵਤ ਹੋ ਰਿਹਾ ਹੈ | ਆਰਥਿਕਤਾ ਨੂੰ  ਦੇਖੋ, ਦੇਸ਼ ਦੀ ਸੁਰੱਖਿਆ ਦੇਖੋ | ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ, ਇਸ ਦਿਨ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ | ਅੱਜ ਬਿਹਾਰ ਨੇ ਦੇਸ਼ ਨੂੰ  ਦਿਸ਼ਾ ਦਿਖਾਉਣ ਦਾ ਕੰਮ ਕੀਤਾ ਹੈ ਕਿ ਜੋ ਲੋਕ ਲੋਕਾਂ ਲਈ ਲੜਦੇ ਹਨ, ਜਨਤਾ ਉਨ੍ਹਾਂ ਨੂੰ  ਸਵੀਕਾਰ ਕਰਦੀ ਹੈ | ਲੋਕ ਬਦਲ ਚਾਹੁੰਦੇ ਹਨ |         
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਤੀਸ਼ ਨੇ ਕਿਹਾ ਹੈ ਕਿ ਉਨ੍ਹਾਂ ਨੇ ਐਨਡੀਏ ਸਰਕਾਰ 'ਚ ਮਿਲੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ | ਉਨ੍ਹਾਂ ਨੂੰ  ਭਾਜਪਾ ਨਾਲ ਇਕ ਨਹੀਂ ਕਈ ਦਿੱਕਤਾਂ ਸਨ | ਉਨ੍ਹਾਂ ਦੇ ਨੇਤਾ ਬਾਅਦ 'ਚ ਵਿਸਥਾਰ ਨਾਲ ਸੱਭ ਕੁੱਝ ਦਸ ਦੇਣਗੇ | ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ 164 ਵਿਧਾਇਕਾਂ ਦਾ ਸਮਰਥਨ ਹੈ | ਨਿਤੀਸ਼ ਨੇ ਇਹ ਵੀ ਕਿਹਾ ਕਿ ਸਾਰੇ ਲੋਕਾਂ ਦੀ ਇੱਛਾ ਸੀ ਕਿ ਭਾਜਪਾ ਤੋਂ ਵੱਖ ਹੋ ਜਾਣਾ ਚਾਹੀਦਾ ਹੈ | ਇਹ ਫ਼ੈਸਲਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਸਹਿਮਤੀ ਮਗਰੋਂ ਲਿਆ ਗਿਆ | (ਏਜੰਸੀ)