ਵਿਦੇਸ਼ ਭੇਜਣ ਦੇ ਨਾਂਅ ’ਤੇ 20.19 ਲੱਖ ਰੁਪਏ ਦੀ ਠੱਗੀ; ਪਤੀ-ਪਤਨੀ ਅਤੇ ਬੇਟੇ ਵਿਰੁਧ ਮਾਮਲਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਤਿੰਨੋਂ ਮੁਲਜ਼ਮ ਫਰਾਰ

Image: For representation purpose only.

 

ਮੋਹਾਲੀ: ਵਿਦੇਸ਼ ਭੇਜਣ ਦੇ ਨਾਂਅ 'ਤੇ ਦੋ ਵੱਖ-ਵੱਖ ਮਾਮਲਿਆਂ 'ਚ 20.19 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸੋਹਾਣਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਮੁਲਜ਼ਮਾਂ ਵਿਰੁਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮੁਲਜ਼ਮਾਂ ਦੀ ਪਛਾਣ ਐਮਾਰ ਹਾਈਟਸ ਐਮ.ਜੀ.ਐਫ. ਸੈਕਟਰ-106 ਸੋਹਾਣਾ ਦੇ ਸੰਜੇ ਸਿੰਘ, ਉਸ ਦੀ ਪਤਨੀ ਅਰਪਨਾ ਅਤੇ ਪੁੱਤਰ ਕੁਨਾਲ ਨਾਗਪਾਲ ਵਜੋਂ ਹੋਈ ਹੈ। ਤਿੰਨੋਂ ਮੁਲਜ਼ਮ ਫਰਾਰ ਹਨ।

ਇਹ ਵੀ ਪੜ੍ਹੋ: 15 ਦਿਨ ਪਹਿਲਾਂ ਦੁਬਈ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ 

ਸ਼ਿਕਾਇਤਕਰਤਾ ਅਮਨਦੀਪ ਸਿੰਘ ਬਰਾੜ ਵਾਸੀ ਖਰੜ ਨੇ ਦਸਿਆ ਕਿ ਉਸ ਨੇ ਅਤੇ ਉਸ ਦੇ ਨਾਲ ਕੁੱਝ ਹੋਰ ਵਿਅਕਤੀਆਂ ਨੇ ਮੁਲਜ਼ਮਾਂ ਨੂੰ ਕੈਨੇਡਾ ਦੇ ਪੀ.ਆਰ. ਵੀਜ਼ਾ ’ਤੇ ਜਾਣ ਲਈ 8.19 ਲੱਖ ਰੁਪਏ ਦਿਤੇ ਸਨ। ਬਾਅਦ ਵਿਚ ਮੁਲਜ਼ਮਾਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਦਿਤੇ ਪੈਸੇ ਵਾਪਸ ਕੀਤੇ। ਇਸ ਤੋਂ ਦੁਖੀ ਹੋ ਕੇ ਪੀੜਤ ਨੇ ਇਸ ਸਬੰਧੀ ਐਸ.ਐਸ.ਪੀ. ਦਫ਼ਤਰ ਨੂੰ ਸ਼ਿਕਾਇਤ ਦਿਤੀ। ਜਾਂਚ ਤੋਂ ਬਾਅਦ ਐਸ.ਐਸ.ਪੀ. ਡਾਕਟਰ ਸੰਦੀਪ ਗਰਗ ਨੇ ਡੀ.ਏ. ਲੀਗਲ ਦੀ ਸਲਾਹ ਨਾਲ ਮੁਲਜ਼ਮਾਂ ਵਿਰੁਧ ਕੇਸ ਦਰਜ ਕਰਨ ਦੇ ਹੁਕਮ ਦਿਤੇ।

ਇਹ ਵੀ ਪੜ੍ਹੋ: ਹਰਿਆਣਾ 'ਚ ਟਰੱਕ ਤੇ ਕਾਰ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 3 ਦੀ ਮੌਤ

ਦੂਜੇ ਮਾਮਲੇ ਵਿਚ ਸ਼ਿਕਾਇਤਕਰਤਾ ਮਨਿੰਦਰਪਾਲ ਸਿੰਘ ਬਾਦਲ ਵਾਸੀ ਖਰੜ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ ਅਤੇ ਉਸ ਦੇ ਨਾਲ ਕੁੱਝ ਹੋਰ ਵਿਅਕਤੀਆਂ ਨੇ ਮੁਲਜ਼ਮਾਂ ਨੂੰ ਵਿਦੇਸ਼ ਜਾਣ ਲਈ 12 ਲੱਖ ਰੁਪਏ ਦਿਤੇ ਸਨ। ਬਾਅਦ ਵਿਚ ਮੁਲਜ਼ਮ ਨੇ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਉਸ ਨੂੰ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਮੁਲਜ਼ਮਾਂ ਨੇ ਉਸ ਨਾਲ 12 ਲੱਖ ਦੀ ਠੱਗੀ ਮਾਰ ਲਈ। ਪੁਲਿਸ ਅਜੇ ਵੀ ਤਿੰਨਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।