‘ਆਪ' ਵਿਧਾਇਕ ਅਨਮੋਲ ਗਗਨ ਮਾਨ ਦੀ ਵਿਧਾਨ ਸਭਾ ਕਮੇਟੀ ਤੋਂ ਹੋਈ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਅਨਮੋਲ ਗਗਨ ਮਾਨ ਦੀ ਜਗ੍ਹਾ ਨੀਨਾ ਮਿੱਤਲ ਤੇ ਕਸ਼ਮੀਰ ਸਿੰਘ ਸੋਹਲ ਦੀ ਜਗ੍ਹਾ ਕੁਲਦੀਪ ਧਾਲੀਵਾਲ ਨੂੰ ਕੀਤਾ ਗਿਆ ਨਾਮਜ਼ਦ

AAP MLA Anmol Gagan Mann dismissed from Vidhan Sabha committee

AAP MLA Anmol Gagan Mann dismissed from Vidhan Sabha committee : ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਭਾਵੇਂ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੋਵੇ, ਪਰ ਉਨ੍ਹਾਂ ਨੂੰ ਸਾਲ 2025-26 ਤੋਂ ਵਿਧਾਨ ਸਭਾ ਦੀ ਪ੍ਰਸ਼ਨ ਅਤੇ ਸੰਦਰਭ ਕਮੇਟੀ ਤੋਂ ਮੁਕਤ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਜਗ੍ਹਾ ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਨੂੰ ਬਾਕੀ ਸਮੇਂ ਲਈ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਮੌਤ ਕਾਰਨ ਖਾਲੀ ਹੋਈ ਇੱਕ ਹੋਰ ਕਮੇਟੀ ਵਿੱਚ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਨੂੰ ਨਾਮਜ਼ਦ ਕੀਤਾ ਗਿਆ ਹੈ।

 
ਵਿਧਾਨ ਸਭਾ ਵੱਲੋਂ ਜਾਰੀ ਹੁਕਮ ’ਚ ਲਿਖਿਆ ਹੈ ਕਿ ਇਹ ਕਾਰਵਾਈ ਸਪੀਕਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਨਿਯਮ 183 ਤਹਿਤ ਕੀਤੀ ਗਈ ਹੈ। ਇਸ ਦੇ ਨਾਲ ਹੀ ਅਨਮੋਲ ਗਗਨ ਮਾਨ ਦੀ ਜਗ੍ਹ ਨੀਨਾ ਮਿੱਤਲ ਨੂੰ ਕਮੇਟੀ ਵਿੱਚ ਰਹਿਣ ਦੇ ਸਮੇਂ ਲਈ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ 27 ਜੂਨ 2025 ਨੂੰ ਮੌਤ ਹੋ ਗਈ ਸੀ। ਇਸ ਕਾਰਨ ਕਾਰੋਬਾਰੀ ਕਮੇਟੀ ਵਿੱਚ ਇੱਕ ਸੀਟ ਖਾਲੀ ਹੋ ਗਈ ਸੀ। ਕੁਲਦੀਪ ਸਿੰਘ ਧਾਲੀਵਾਲ ਨੂੰ ਹੁਣ ਉੱਥੇ ਨਿਯੁਕਤ ਕੀਤਾ ਗਿਆ ਹੈ। ਸਪੀਕਰ ਨੇ ਇਹ ਕਾਰਵਾਈ ਵਿਧਾਨ ਸਭਾ ਦੇ ਨਿਯਮ 180 (3) ਦੇ ਤਹਿਤ ਕੀਤੀ ਹੈ।


ਜ਼ਿਕਰਯੋਗ ਹੈ ਕਿ ਬੀਤੀ 19 ਜੁਲਾਈ ਨੂੰ ਅਨਮੋਲ ਗਗਨ ਮਾਨ ਨੇ ਅਚਾਨਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਪੋਸਟ ਪਾਈ ਅਤੇ ਉਨ੍ਹਾਂ ਲਿਖਿਆ, “ਮੇਰਾ ਦਿਲ ਭਾਰੀ ਹੈ, ਪਰ ਮੈਂ ਰਾਜਨੀਤੀ ਛੱਡਣ ਦਾ ਫੈਸਲਾ ਕੀਤਾ ਹੈ। ਸਪੀਕਰ ਨੂੰ ਬੇਨਤੀ ਹੈ ਕਿ ਉਹ ਮੇਰਾ ਅਸਤੀਫਾ ਸਵੀਕਾਰ ਕਰਨ। ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ। ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ। ਇਸ ਤੋਂ ਬਾਅਦ ਅਗਲੇ ਦਿਨ ਪਾਰਟੀ ਪ੍ਰਧਾਨ ਅਮਨ ਅਰੋੜਾ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੇ ਅਨਮੋਲ ਗਗਨ ਮਾਨ ਨੂੰ ਮਨਾ ਲਿਆ, ਜਿਸ ਚਲਦਿਆਂ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ।