ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ  ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਤੀ ਤਾਂ ਛੇੜਿਆ ਜਾਵੇਗਾ ਅੰਦੋਲਨ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਨਾਜ ਮੰਡੀ ਵਿਚ ਸੁਖਪਾਲ ਸਿੰਘ ਖਹਿਰਾ ਦੀ ਰੈਲੀ 'ਚ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵੀ ਪਹੁੰਚ ਗਏ। ਬੜੀ ਦੇਰ ਤੋਂ ਚਲੀਆਂ ਆ ਰਹੀਆਂ

Sukhpal khaira

ਪਟਿਆਲਾ, 9 ਸਤੰਬਰ (ਬਲਵਿੰਦਰ ਸਿੰਘ ਭੁੱਲਰ) : ਅਨਾਜ ਮੰਡੀ ਵਿਚ ਸੁਖਪਾਲ ਸਿੰਘ ਖਹਿਰਾ ਦੀ ਰੈਲੀ 'ਚ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵੀ ਪਹੁੰਚ ਗਏ। ਬੜੀ ਦੇਰ ਤੋਂ ਚਲੀਆਂ ਆ ਰਹੀਆਂ ਅਟਕਲਾਂ ਤੋਂ ਬਾਅਦ ਡਾ. ਗਾਂਧੀ ਨੇ ਨਾ ਕੇਵਲ ਸੁਖਪਾਲ ਖਹਿਰਾ ਨਾਲ ਸਟੇਜ ਸਾਂਝੀ ਕੀਤੀ, ਸਗੋਂ ਖਹਿਰਾ ਦੀ ਬਠਿੰਡਾ ਕਨਵੈਨਸ਼ਨ ਦੇ 6 ਮਤਿਆ ਵਿਚੋਂ ਚਾਰ 'ਤੇ ਸਹਿਮਤੀ ਵੀ ਪ੍ਰਗਟ ਕੀਤੀ। ਜਿਨ੍ਹਾਂ ਵਿਚ ਪੰਜਾਬ ਦੀ ਖੁਦਮੁਖਤਿਆਰੀ ਗੱਲ ਸਭ ਤੋਂ ਅਹਿਮ ਸੀ।

ਖਹਿਰਾ ਸਮਰਥਕਾਂ ਤੋਂ ਜਿਥੇ ਆਪ ਦੇ ਲੀਡਰ ਦੂਰ ਦਿਖਾਈ ਦਿਤੇ, ਉਥੇ ਇਸ ਦੇ ਬਾਵਜੂਦ ਵੀ ਖਹਿਰਾ ਸਮਰਥਕਾਂ ਵਲੋਂ ਪ੍ਰਭਾਵਸ਼ਾਲੀ ਇਕੱਠ ਕਰਨ ਵਿਚ ਸਫਲ ਰਹੇ। ਰੈਲੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਬਣਾਏ ਗਏ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਆਉਣ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਦਲਾਂ ਅਤੇ ਹੋਰ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦੋਂ ਕਿ ਉਸ ਦੀ ਆਪਣੀ ਪਾਰਟੀ ਮੰਤਰੀ ਅਤੇ ਵਿਧਾਇਕ ਮੁੱਖ ਮੰਤਰੀ ਅੱਗੇ ਝੋਲੀਆਂ ਅੱਡ ਕੇ ਬਾਦਲਾਂ ਵਿਰੁਧ ਕਾਰਵਾਈ ਦੀ ਮੰਗ ਕਰ ਚੁਕੇ ਹਨ। 


ਉਹਨਾਂ ਕਿਹਾ ਕਿ ਇਸ ਤੋਂ ਸਾਫ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਸ ਮਿਲ ਹੋਏ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਸਰਬ ਪਾਰਟੀ ਮੀਟਿੰਗ ਬੁਲਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਕਿ ਅਮਰਿੰਦਰ ਸਰਕਾਰ ਵਿਰੁਧ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਅੰਦੋਲਨ ਛੇੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਭਾਜਪਾ ਅਤੇ ਹੁਣ ਕਾਂਗਰਸ ਵਲੋਂ ਪੰਜਾਬ ਨੂੰ ਦੋਨੋ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ। 


ਲੰਬੇ ਸਮੇਂ ਕਿਸੇ ਵੱਡੀ ਸਟੇਜ਼ 'ਤੇ ਆਏ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਈ ਗੱਲਾਂ ਵਿਚ ਖਹਿਰਾ ਦੀ ਸੁਰ ਨਾਲ ਸੁਰ ਮਿਲਾਈ ਅਤੇ ਖਹਿਰਾ ਦੀ ਬਠਿੰਡਾ ਕਨਵੈਨਸ਼ਨ ਦੇ 6 ਮਤਿਆ ਵਿਚੋਂ ਚਾਰ 'ਤੇ ਸਹਿਮਤੀ ਪ੍ਰਗਟਾਈ। ਜਿਨ੍ਹਾਂ ਵਿਚੋਂ ਪੰਜਾਬ ਦੀ ਖੁਦਮੁਤਿਆਰੀ ਸਭ ਤੋਂ ਅਹਿਮ ਮੁੱਦਾ ਸੀ। ਡਾ. ਗਾਂਧੀ ਨੇ ਕੇਜਰੀਵਾਲ ਨੂੰ ਸਲਾਹ ਦਿਤੀ ਕਿ ਜੇਕਰ ਉਹ ਪੰਜਾਬੀਆਂ ਦਾ ਭਲਾ ਚਾਹੁੰਦੇ ਹਨ ਤਾਂ ਪਾਰਟੀ ਨੂੰ ਪੰਜਾਬ ਵਿਚ ਖ਼ੁਦ ਮੁਖਤਿਆਰੀ ਦੇਣ।

 ਡਾ. ਗਾਂਧੀ ਨੇ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਕਈ ਵੱਡੇ ਨਾਮਾਂ ਦਾ ਖੁਲਾਸਾ ਕੀਤਾ ਗਿਆ ਹੈ, ਪ੍ਰੰਤੂ ਕੈਪਟਨ ਸਰਕਾਰ ਵਲੋਂ ਕਾਰਵਾਈ ਕਰਨ ਵਿਚ ਦੇਰੀ ਕਰਨਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਰਿਪੋਰਟ ਵਿਚ ਸ਼ਾਮਲ ਹਰ ਸਖਸ਼ 'ਤੇ ਮਾਮਲਾ ਦਰਜ ਕਰ ਕੇ ਤੁਰਤ ਗ੍ਰਿਫ਼ਤਾਰੀਆਂ ਕੀਤੀਆਂ ਜਾਣ ਭਾਵੇਂ ਉਹ ਕੋਈ ਕਿੰਨਾਂ ਵੀ ਵੱਡਾ ਸਿਆਸਤਦਾਨ ਹੀ ਕਿਉਂ ਨਾ ਹੋਵੇ। ਨਾਲ ਹੀ ਡਾ. ਗਾਂਧੀ ਨੇ ਮੰਗ ਕੀਤੀ ਕਰਤਾਰਪੁਰ ਸਾਹਿਬ ਦਾ  ਲਾਂਘਾ ਸਿਰਫ ਸਿੱਖਾਂ ਲਈ ਹੀ ਨਹੀਂ ਸਗੋਂ ਹਰ ਪੰਜਾਬੀ ਲਈ ਖੋਲਣਾ ਚਾਹੀਦਾ ਹੈ।


ਇਸ ਮੌਕੇ ਵਿਧਾਇਕ ਨਾਜਰ ਸਿੰਘ ਮਾਨਸਾਹੀਆ, ਜਗਦੇਵ ਸਿੰਘ ਕਮਾਲੂ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਹਰਮੀਤ ਸਿੰਘ ਪਠਾਣਮਾਜਰਾ, ਪਿਰਮਲ ਸਿੰਘ, ਪਲਵਿੰਦਰ ਹਰਿਆਉ, ਨਵਜੋਤ ਕੌਰ ਲੰਬੀ, ਹਰਪ੍ਰੀਤ ਸਿੰਘ ਘੁੰਮਣ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਅਤੇ ਆਗੂ ਹਾਜ਼ਰ ਸਨ।