ਖੇਡ ਮੰਤਰੀ ਰਾਣਾ ਸੋਢੀ ਨੇ ਅਰਪਿੰਦਰ ਸਿੰਘ ਨੂੰ ਇਤਿਹਾਸਕ ਪ੍ਰਾਪਤੀ 'ਤੇ ਮੁਬਾਰਕਬਾਦ ਦਿੱਤੀ
ਆਈ.ਏ.ਏ.ਐਫ. ਕਾਂਟੀਨੈਂਟਲ ਕੱਪ ਵਿੱਚ ਤਮਗਾ ਜਿੱਤਣ ਵਾਲਾ ਅਰਪਿੰਦਰ ਸਿੰਘ ਬਣਿਆ ਪਹਿਲਾ ਭਾਰਤੀ ਅਥਲੀਟ
ਚੰਡੀਗੜ੍ਹ : ਚੈਕ ਗਣਰਾਜ ਦੇ ਸ਼ਹਿਰ ਓਸਤਰਾਵਾ ਵਿਖੇ ਚੱਲ ਰਹੇ ਆਈ.ਏ.ਏ.ਐਫ. ਕਾਂਟੀਨੈਂਟਲ ਕੱਪ ਦੇ ਤੀਹਰੀ ਛਾਲ ਈਵੈਂਟ 'ਚ ਕਾਂਸੀ ਦੇ ਤਮਗਾ ਜਿੱਤਣ ਵਾਲੇ ਅਥਲੀਟ ਅਰਪਿੰਦਰ ਸਿੰਘ ਨੂੰ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁਬਾਰਕਬਾਦ ਦਿੱਤੀ ਹੈ। ਅਰਪਿੰਦਰ ਸਿੰਘ ਪਹਿਲਾ ਭਾਰਤੀ ਅਥਲੀਟ ਬਣ ਗਿਆ ਹੈ ਜਿਸ ਨੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨ (ਆਈ.ਏ.ਏ.ਐਫ.) ਕਾਂਟੀਨੈਂਟਲ ਕੱਪ ਦੇ ਇਤਿਹਾਸ ਵਿੱਚ ਕਿਸੇ ਵੀ ਈਵੈਂਟ ਵਿੱਚ ਕੋਈ ਤਮਗਾ ਜਿੱਤਿਆ ਹੋਵੇ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਅਰਪਿੰਦਰ ਸਿੰਘ ਦੀ ਇਹ ਇਤਿਹਾਸਕ ਪ੍ਰਾਪਤੀ ਹੈ ਜੋ ਹੁਣ ਤੱਕ ਕੋਈ ਵੀ ਭਾਰਤੀ ਅਥਲੀਟ ਹਾਸਲ ਨਹੀਂ ਕਰ ਸਕਿਆ। ਆਈ.ਏ.ਏ.ਐਫ. ਕਾਂਟੀਨੈਂਟਲ ਕੱਪ ਵਿੱਚ ਏਸ਼ੀਆ ਪੈਸੇਫਿਕ ਟੀਮ ਵੱਲੋਂ ਨੁਮਾਇੰਦਗੀ ਕਰ ਰਹੇ ਅਰਪਿੰਦਰ ਸਿੰਘ ਨੇ ਤੀਹਰੀ ਛਾਲ ਈਵੈਂਟ ਵਿੱਚ 16.59 ਮੀਟਰ ਛਾਲ ਲਗਾ ਕੇ ਕਾਂਸੀ ਦਾ ਤਮਗਾ ਜਿੱਤਿਆ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ ਜਿੱਤਿਆ ਤਮਗਾ ਓਲੰਪਿਕ ਖੇਡਾਂ ਜਾਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਤਮਗੇ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਕੱਪ ਵਿੱਚ ਸਾਰੇ ਮਹਾਂਦੀਪਾਂ ਤੋਂ ਚੋਟੀ ਦੇ ਅਥਲੀਟ ਹਿੱਸਾ ਲੈ ਰਹੇ ਹਨ।