ਸੁਖਬੀਰ ਬਾਦਲ ਵਲੋਂ ਹੜ੍ਹ ਪ੍ਰਭਾਵਤ ਦਰਜਨਾਂ ਪਿੰਡਾਂ ਦਾ ਤੂਫ਼ਾਨੀ ਦੌਰਾ

ਏਜੰਸੀ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਵਲੋਂ ਹੜ੍ਹ ਪ੍ਰਭਾਵਤ ਦਰਜਨਾਂ ਪਿੰਡਾਂ ਦਾ ਤੂਫ਼ਾਨੀ ਦੌਰਾ

image

ਅਕਾਲੀ ਦਲ ਸੱਤਾ ਵਿਚ ਆ ਕੇ ਸਕਾਲਰਸ਼ਿਪ ਘੁਟਾਲੇ ਦੀ ਕਰਵਾਏਗਾ ਨਿਰਪੱਖ ਜਾਂਚ : ਸੁਖਬੀਰ ਬਾਦਲ
 

ਅਬੋਹਰ,  9 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਸ ਸੀ ਸਕਾਲਰਸ਼ਿਪ ਘੁਟਾਲੇ ਵਿਚ ਕੋਈ ਕਾਰਵਾਈ ਇਸ ਕਰ ਕੇ ਨਹੀਂ ਕਰ ਰਹੇ ਕਿ ਇਸ ਗੁਨਾਹ ਦਾ ਪੈਸਾ ਕਾਂਗਰਸ ਹਾਈ ਕਮਾਂਡ ਨੂੰ ਵੀ ਮਿਲਿਆ ਹੈ ਅਤੇ ਉਨ੍ਹਾਂ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਦੇ ਸੱਤਾ ਵਿਚ ਆਉਣ 'ਤੇ ਇਸ ਘੁਟਾਲੇ ਦੀ ਨਿਰਪੱਖ ਜਾਂਚ ਦੇ ਹੁਕਮ ਦਿਤੇ ਜਾਣਗੇ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਬੱਲੂਆਣਾ ਹਲਕੇ ਦੇ ਪਿੰਡ ਧਰਾਂਗਵਾਲਾ, ਕੁੰਡਲ, ਤਾਜਾਪੱਟੀ, ਰਹੂੜਿਆ ਵਾਲੀ, ਝੂਮਿਆ ਵਾਲੀ, ਬਜੀਦਪੁਰ ਕੱਟਿਆ ਵਾਲੀ, ਆਲਮਗੜ੍ਹ, ਸੈਯਦਾਂਵਾਲੀ, ਧਰਮਪੁਰਾ, ਕੰਧਵਾਲਾ ਅਮਰਕੋਟ, ਕਿੱਕਰ ਖੇੜਾ, ਰਾਮਸਰਾ, ਅਮਰਪੁਰਾ, ਭਾਗੂ, ਭਾਗਸਰ, ਮਹਿਰਾਣਾ ਅਤੇ ਖੁੱਬਣ ਸਣੇ ਦਰਜਨਾਂ ਪਿੰਡਾਂ ਦਾ ਤੂਫ਼ਾਨੀ ਦੌਰਾ ਕਰ ਕੇ ਪੀੜਤ ਲੋਕਾਂ ਦੇ ਦੁਖੜੇ ਸੁਣੇ।  ਬੱਲੂਆਣਾ ਵਿਧਾਨ ਸਭਾ ਹਲਕੇ ਦੇ ਹੜ੍ਹ ਪੀੜਤ ਪਿੰਡਾਂ ਦਾ ਦੌਰਾ ਕਰਨ ਵੇਲੇ ਪਿੰਡ ਘੁੜਿਆਣਾ ਵਿਖੇ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਐਸ.ਸੀ. ਭਲਾਈ ਵਿਭਾਗ ਦੇ ਸਾਬਕਾ ਡਾਇਰੈਕਟਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਪਿਛਲੇ ਸਾਲ ਹੋਈ ਜ਼ਿਮਨੀ ਚੋਣ ਵੇਲੇ ਫ਼ਗਵਾੜਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦਿਤੀ ਗਈ ਤੇ ਅਜਿਹਾ 19.61 ਕਰੋੜ ਰੁਪਏ ਅਯੋਗ


ਪ੍ਰਾਈਵੇਟ ਵਿਦਿਅਕ ਅਦਾਰਿਆਂ ਨੂੰ ਦੇਣ ਦੀ ਪ੍ਰਵਾਨਗੀ ਦੇਣ ਦੇ ਕੁੱਝ ਹੀ ਦਿਨਾਂ ਅੰਦਰ ਹੋਇਆ।
ਉਨ੍ਹਾਂ ਕਿਹਾ ਕਿ ਸ਼ਾਇਦ ਇਹੀ ਕਾਰਨ ਹੈ ਕਿ ਇਕ ਨਕਲੀ ਜਾਂਚ ਰਾਹੀਂ ਮੁੱਖ ਮੰਤਰੀ ਘੁਟਾਲੇ 'ਤੇ ਪਰਦਾ ਪਾਉਣਾ ਚਾਹੁੰਦੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਜਲਾਲਾਬਾਦ ਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਦੇ ਦਰਜਨਾਂ ਹੜ੍ਹ ਪ੍ਰਭਾਵਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਹਜ਼ਾਰਾਂ ਏਕੜ ਰਕਬੇ ਵਿਚ ਫ਼ਸਲ ਤਬਾਹ ਹੋ ਗਈ ਹੈ ਪਰ ਕਾਂਗਰਸ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤ ਸੁਣਨ ਵਾਸਤੇ ਕਿਸੇ ਅਫ਼ਸਰ ਦੀ ਡਿਊਟੀ ਨਹੀਂ ਲਗਾਈ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਭਾਵਤ ਖੇਤਰਾਂ ਤੋਂ ਪਾਣੀ ਕੱਢਣ ਲਈ ਪਾਈਪਾਂ ਪਾਉਣ ਲਈ ਕੋਈ ਯਤਨ ਨਹੀਂ ਕੀਤਾ ਗਿਆ।