ਚੋਣਾਂ ਦੇ ਐਲਾਨ ਤੋਂ ਪਹਿਲਾਂ ਪ੍ਰਚਾਰ ਕਰਨ ਵਾਲੀ ਪਾਰਟੀ ਹੋਵੇਗੀ ਕਿਸਾਨ ਵਿਰੋਧੀ : ਰਾਜੇਵਾਲ  

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਤੇ ਅਕਾਲੀ ਤੋਂ ਇਲਾਵਾ ਬਾਕੀ ਪਾਰਟੀਆਂ ਨੇ ਜਤਾਈ ਕਿਸਾਨਾਂ ਦੇ ਫੈਸਲੇ ਨਾਲ ਸਹਿਮਤੀ 

Balbir Singh Rajewal

ਚੰਡੀਗੜ੍ਹ -  ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਪਹਿਲੀ ਵਾਰ ਸਾਰੇ ਸਿਆਸੀ ਦਲਾਂ ਨਾਲ ਅੱਜ ਕਿਸਾਨਾਂ ਦੀ ਮੀਟਿੰਗ ਹੋਈ ਤੇ ਇਹ ਮੀਟਿੰਗ ਸਿਆਸੀ ਦਲਾਂ ਵੱਲੋਂ ਸਮੇਂ ਤੋਂ ਪਹਿਲਾਂ ਚੋਣ ਮੁਹਿੰਮ ਵਿੱਢੇ ਜਾਣ ਕਾਰਨ ਕਿਸਾਨਾਂ ਨਾਲ ਪੈਦਾ ਹੋ ਰਹੇ ਟਕਰਾਅ ਦੇ ਸਬੰਧ ਵਿਚ ਹੋਈ। ਇਸ ਮੀਟਿੰਗ ਤੋਂ ਬਾਅਦ ਕਿਸਾਨ ਜੰਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੋਣਾਂ ਅਜੇ 2022 'ਚ ਹੋਣੀਆਂ ਹਨ ਪਰ ਸਾਰੀਆਂ ਸਿਆਸੀ ਪਾਰਟੀਆਂ ਨੇ ਅਪਣੀਆਂ ਚੋਣ ਰੈਲੀਆਂ 10 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਜਿਸ ਕਰ ਕੇ ਕਈ ਅਣਸੁਖਾਵੀਆਂ ਘਟਨਾਵਾਂ ਵਾਪਰਨ ਲੱਗੀਆਂ।

ਉਹਨਾਂ ਕਿਹਾ ਕਿ ਲੋਕਾਂ ਦਾ ਮਨ ਮਾਨਸਿਕ ਤੌਰ 'ਤੇ ਅੰਦੋਲਨ ਨਾਲ ਜੁੜਿਆ ਹੋਇਆ ਹੈ ਤੇ ਇਹਨਾਂ ਰੈਲੀਆਂ ਕਰ ਕੇ ਕਈ ਪਿੰਡਾਂ ਵਿਚ ਆਗੂਆਂ ਨੂੰ ਘੇਰ ਕੇ ਸਵਾਲ ਜਵਾਬ ਕੀਤੇ ਜਾਂਦੇ ਹਨ ਤੇ ਕਿਤੇ ਨਾ ਕਿਤੇ ਕੋਈ ਘਟਨਾ ਵੀ ਵਾਪਰਦੀ ਹੈ ਤੇ ਇਸੇ ਕਰ ਕੇ ਸਾਰੀਆਂ ਪਾਰਟੀਆਂ ਨੂੰ ਸੱਦਿਆ ਗਿਆ ਸੀ ਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਉਹਨਾਂ ਨੇ ਇਸ ਵਾਰ ਚੋਣਾਂ ਤੋਂ 10 ਮਹੀਨੇ ਪਹਿਲਾਂ ਰੈਲੀਆਂ ਕਰਨੀਆਂ ਕਿਉਂ ਸ਼ੁਰੂ ਕਰ ਦਿੱਤੀਆਂ, ਉਹਨਾਂ ਦੀ ਰਾਇ ਵੀ ਲਈ ਗਈ। ਬਲਬੀਰ ਰਾਜੇਵਾਲ ਨੇ ਕਿਹਾ ਕਿ ਸਿਰਫ਼ ਕਾਂਗਰਸ ਤੇ ਅਕਾਲੀ ਨੇ ਕੋਈ ਵਧੀਆ ਜਵਾਬ ਨਹੀਂ ਦਿੱਤਾ। ਇਹਨਾਂ ਪਾਰਟੀਆਂ ਨੇ ਕਿਹਾ ਕਿ ਅਸੀਂ ਅਪਣੀ ਲੀਡਰਸ਼ਿਪ ਨਾਲ ਗੱਲ ਕਰ ਕੇ ਫੈਸਲਾ ਲਵਾਂਗੇ।

ਉਹਨਾਂ ਕਿ ਬਾਕੀ ਸਾਰੀਆਂ ਪਾਰਟੀਆਂ ਨੇ ਕਿਸਾਨਾਂ ਨਾਲ ਤੇ ਕਿਸਾਨ ਜੰਥੇਬੰਦੀਆਂ ਦੇ ਇਸ ਫੈਸਲੇ ਨਾਲ ਸਹਿਮਤੀ ਜਤਾਈ ਹੈ। ਰਾਜੇਵਾਲ ਨੇ ਕਿਹਾ ਕਿ ਅਸੀਂ ਸਭ ਨੇ ਫੈਸਲਾ ਲਿਆ ਹੈ ਕਿ ਜੇ ਕੋਈ ਆਗੂ ਸਮਾਜਿਕ ਸਮਾਗਮ ਵਿਚ ਜਾਂਦਾ ਹੈ ਤਾਂ ਉਸ ਦਾ ਘਿਰਾਓ ਨਾ ਕੀਤਾ ਜਾਵੇ ਤੇ ਸ਼ਾਤੀ ਦਾ ਮਾਹੌਲ ਬਣਾ ਕੇ ਰੱਖਿਆ ਜਾਵੇ। ਉਹਨਾਂ ਕਿਹਾ ਕਿ ਜੇ ਕੋਈ ਵੀ ਪਾਰਟੀ ਇਸ ਫੈਸਲੇ ਦੇ ਵਿਰੁੱਧ ਜਾਂਦੀ ਹੈ ਤੇ ਰੈਲੀ ਕਰਦੀ ਹੈ ਤਾਂ ਅਸੀਂ ਸਮਝਾਗੇ ਕਿ ਉਹ ਪਾਰਟੀ ਕਿਸਾਨਾਂ ਦੇ ਵਿਰੁੱਧ ਹੈ।

ਉਹਨਾਂ ਕਿਹਾ ਕਿ ਅਸੀਂ ਪਾਰਟੀਆਂ ਨੂੰ ਕਿਹਾ ਹੈ ਕਿ ਜੇ ਉਹ ਕਿਸਾਨਾਂ ਦੇ ਹੱਕ ਵਿਚ ਹਨ ਤਾਂ ਪਾਰਲੀਮੈਂਟ ਦੇ ਅੱਗੇ ਜਾ ਕੇ ਧਰਨਾ ਦੇਣ। ਬਲਬੀਰ ਰਾਜੇਵਾਲ ਨੇ ਪਾਰਟੀਆਂ ਨੂੰ ਇਹ ਵੀ ਕਿਹਾ ਕਿ ਕਿਸਾਨ ਅਂਦੋਲਨ ਦੌਰਾਨ ਜਿੰਨ੍ਹੇ ਵੀ ਕਿਸਾਨਾਂ 'ਤੇ ਪਰਚੇ ਦਰਜ ਹੋਏ ਹਨ ਉਙ ਰੱਦ ਕੀਤੇ ਜਾਣ ਤੇ ਇਹ ਵਾਅਦਾ ਵੀ ਕੀਤਾ ਗਿਆ ਹੈ ਕਿ ਇਹ ਪਰਚੇ ਵਾਪਸ ਲਏ ਜਾਣਗੇ।