ਬਾਦਲਾਂ ਦੇ ਮੈਂਬਰਾਂ ਨੇ ਮੇਰੇ ’ਤੇ ਹਮਲਾ ਕਰ ਕੇ ਮੈਨੂੰ ਡਰਾਉਣ ਦੀ ਕੋਝੀ ਕੋਸ਼ਿਸ਼ ਕੀਤੀ : ਡਾਇਰੈਕਟਰ

ਏਜੰਸੀ

ਖ਼ਬਰਾਂ, ਪੰਜਾਬ

ਬਾਦਲਾਂ ਦੇ ਮੈਂਬਰਾਂ ਨੇ ਮੇਰੇ ’ਤੇ ਹਮਲਾ ਕਰ ਕੇ ਮੈਨੂੰ ਡਰਾਉਣ ਦੀ ਕੋਝੀ ਕੋਸ਼ਿਸ਼ ਕੀਤੀ : ਡਾਇਰੈਕਟਰ ਗੁਰਦਵਾਰਾ ਚੋਣਾਂ

image

ਨਵੀਂ ਦਿੱਲੀ, 9 ਸਤੰਬਰ (ਅਮਨਦੀਪ ਸਿੰਘ): ਦਿੱਲੀ ਦੀ ਸਿੱਖ ਸਿਆਸਤ ਦੇ ਇਤਿਹਾਸ ਵਿਚ ਅੱਜ ਦੇ ਦਿਨ ਨੂੰ ਕਾਲਾ ਦਿਨ ਗਰਦਾਨਿਆ ਜਾ ਰਿਹਾ ਹੈ। ਦਾਨਿਕਸ ਕੈਡਰ ਦੇ ਗੁਰਦਵਾਰਾ ਚੋਣ ਡਾਇਰੈਕਟਰ ਸ.ਨਰਿੰਦਰ ਸਿੰਘ ’ਤੇ ਹੋਏ ਅਖੌਤੀ ਹਮਲੇ ਕਰ ਕੇ ਸਿੱਖਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਸੋਸ਼ਲ ਮੀਡੀਆ ’ਤੇ ਇਸ ਦੀ ਸਖ਼ਤ ਨਿਖੇਧੀ  ਕੀਤੀ ਜਾ ਰਹੀ ਹੈ। ਡਾਇਰੈਕਟਰ ਸ.ਨਰਿੰਦਰ ਸਿੰਘ (ਦਾਨਿਕਸ ਕੈਡਰ) ਨੇ ਬਾਦਲ ਦਲ ਦੇ ਮੈਂਬਰਾਂ ’ਤੇ ਅਪਣੇ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਤੇ ਕਿਹਾ ਉਹ ਤਾਂ ਦਿੱਲੀ ਸਿੱਖ ਗੁਰਦਵਾਰਾ ਐਕਟ 1971 ਰਾਹੀਂ ਹੀ ਸਾਰਾ ਚੋਣ ਅਮਲ ਸਾਫ਼ ਸੁਥਰਾ ਕਰ ਰਹੇ ਹਨ, ਫਿਰ ਬਾਦਲਾਂ ਨੇ ਇਹ ਹਮਲਾ ਕਿਉਂ ਕੀਤਾ? ਅੱਜ ਸ਼ਾਮ ਨੂੰ ‘ਸਪੋਕਸਮੈਨ’ ਨਾਲ ਫ਼ੋਨ ’ਤੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਉਨ੍ਹਾਂ ਦਸਿਆ,“ਜਦੋਂ ਸਿੰਘ ਸਭਾਵਾਂ ਦੀ ਲਿਸਟ ਵਿਚ ਖ਼ਾਮੀਆਂ ਹੋਣ ਬਾਰੇ ਸ.ਹਰਵਿੰਦਰ ਸਿੰਘ ਸਰਨਾ ਦੇ ਇਤਰਾਜ਼ ਪਿਛੋਂ ਅਪਣੇ ਵਕੀਲਾਂ ਤੋਂ ਕਾਨੂੰਨੀ ਰਾਏ ਲੈਣ ਪਿਛੋਂ ਮੈਂ ਅੱਜ ਦੀ ਸਿੰਘ ਸਭਾਵਾਂ ਦੀ ਲਾਟਰੀ ਕੱਢੇ ਜਾਣ ਨੂੰ ਮੁਲਤਵੀ ਕਰ ਕੇ ਲਿਸਟ ਦਰੁੱਸਤ ਕਰ ਕੇ ਚੋਣ ਕਰਵਾਉਣ ਦਾ ਐਲਾਨ ਕੀਤਾ ਤਾਂ ਬਾਦਲ ਦਲ ਦੇ ਮੈਂਬਰਾਂ ਨੇ ਮੈਨੂੰ ਗਾਲਾਂ ਕੱਢੀਆਂ, ਡਰਾਇਆ, ਧਮਕਾਇਆ ਤੇ ਇਕ ਮੈਂਬਰ ਨੇ ਮੇਰੇ ’ਤੇ ਅਪਣਾ ਜੁੱਤਾ ਵੀ ਸੁੱਟ ਕੇ ਮਾਰਿਆ। ਪਰ ਪਹਿਲਾਂ ਤੋਂ ਹਾਜ਼ਰ ਪੁਲਿਸ ਫ਼ੋਰਸ ਨੇ ਮੈਨੂੰ ਮੀਟਿੰਗ ਦੀ ਥਾਂ ਤੋਂ ਕੱਢ ਕੇ,  ਕਾਰ ਵਿਚ ਜਾ ਕੇ ਬਿਠਾਇਆ। ਇਕ ਸਵਾਲ ਦੇ ਜਵਾਬ ਵਿਚ ਡਾਇਰੈਕਟਰ ਨੇ ਦਸਿਆ ਕਿ ਅੱਜ ਦੀ ਮੀਟਿੰਗ ਦੀ ਪੂਰੀ ਵੀਡੀਉਗ੍ਰਾਫ਼ੀ ਕਰਵਾਈ ਗਈ ਹੈ। ਅਜੇ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਅੱਜ ਸ਼ਾਮ ਨੂੰ ‘ਸੋਸ਼ਲ ਮੀਡੀਆ’ ’ਤੇ ਨਸ਼ਰ ਹੋਈ ਵੀਡੀਉ ਵਿਚ ਨਜ਼ਰ ਆ ਰਿਹਾ ਹੈ ਕਿ ਡਾਇਰੈਕਟਰ ਸ.ਨਰਿੰਦਰ ਸਿੰਘ ਨੂੰ ਪੁਲਿਸ ਅਪਣੇ ਘੇਰੇ ਵਿਚ ਨਾਹਰੇ ਲਾਉਂਦੇ ਹੋਏ ਬਾਦਲਾਂ ਹਮਾਇਤੀਆਂ/ਮੈਂਬਰਾਂ ਤੋਂ ਬਚਾਅ ਕੇ, ਕਾਰ ਵਿਚ ਬਿਠਾ ਰਹੀ ਹੈ। ਦਿੱਲੀ ਦੇ ਸਿੱਖ ਹਲਕਿਆਂ ਵਿਚ ਇਸ ਕਾਰਵਾਈ ਦੀ ਸਖ਼ਤ ਨਿਖੇਧੀ  ਕੀਤੀ ਜਾ ਰਹੀ ਹੈ।