ਸਾਬਕਾ ਬ੍ਰਿਗੇਡੀਅਰ ਦਾ ਕੇਂਦਰ 'ਤੇ ਹਮਲਾ, ‘ਸਰਕਾਰ ਨੂੰ ਨਾ ਜਵਾਨ ਦੀ ਪਰਵਾਹ ਹੈ ਤੇ ਨਾ ਹੀ ਕਿਸਾਨ ਦੀ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਸਾਰਾਗੜ੍ਹੀ ਜੰਗ ਦੀ 125ਵੀਂ ਵਰ੍ਹੇਗੰਢ 'ਤੇ ਸ਼ਹੀਦਾਂ ਲਈ ਮੰਗਿਆ ਬਣਦਾ ਸਨਮਾਨ

Former Brigadier Kuldip Singh Kahlon

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਅਜੋਕੇ ਦੌਰ ਵਿਚ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਦੇਸ਼ ਦੀ ਜ਼ਿਆਦਾਤਰ ਆਬਾਦੀ ਵਿਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਇਕ ਪਾਸੇ ਦੇਸ਼ ਦੀ ਨੌਜਵਾਨ ਪੀੜੀ ਬੇਰੁਜ਼ਗਾਰ ਹੈ ਤਾਂ ਦੂਜੇ ਪਾਸੇ ਦੇਸ਼ ਦਾ ਅੰਨਦਾਤਾ ਅਪਣੇ ਹੱਕ ਲੈਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਰੀਬ 10 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹੈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ “ਜੈ ਜਵਾਨ ਤੇ ਜੈ ਕਿਸਾਨ” ਦਾ ਨਾਅਰਾ ਦਿੱਤਾ ਸੀ ਜੋ ਪਿਛਲੇ ਕਈ ਸਾਲਾਂ ਤੋਂ ਲਗਭਗ ਗਾਇਬ ਹੈ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਾਬਕਾ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਨਾ ਤਾਂ ਜਵਾਨ ਦੀ ਪਰਵਾਹ  ਹੈ ਤੇ ਨਾ ਹੀ ਕਿਸਾਨ ਦੀ ਪਰਵਾਹ ਹੈ।

ਪੇਸ਼ ਹਨ ਉਹਨਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼

ਸਵਾਲ: “ਜੈ ਜਵਾਨ ਜੈ ਕਿਸਾਨਦਾ ਨਾਅਰਾ ਕਿਸੇ ਸਮੇਂ ਬਹੁਤ ਅਹਿਮੀਅਤ ਰੱਖਦਾ ਸੀ, ਤੁਸੀਂ ਵੀ ਕਾਫੀ ਸਮਾਂ ‘ਵਨ ਰੈਂਕ ਵਨ ਪੈਨਸ਼ਨ’ ਦੀ ਲੜਾਈ ਲੜੀ।  ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਨਾ ਜਵਾਨ ਦੀ ਕਦਰ ਕੀਤੀ ਜਾ ਰਹੀ ਤੇ ਨਾ ਹੀ ਕਿਸਾਨ ਸੀ।

ਜਵਾਬ: “ਜੈ ਜਵਾਨ ਜੈ ਕਿਸਾਨ” ਦਾ ਨਾਅਰਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਦਿੱਤਾ ਸੀ। ਆਜ਼ਾਦੀ ਤੋਂ ਬਾਅਦ ਭੁੱਖਮਰੀ ਕਾਰਨ ਦੇਸ਼ ਦੇ ਹਾਲਾਤ ਬਹੁਤ ਖਰਾਬ ਸਨ, ਇਸ ਤੋਂ ਬਾਅਦ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆਂਦੀ। ਕਿਸਾਨਾਂ ਦੇ ਯੋਗਦਾਨ ਨੇ ਦੇਸ਼ ਦੀ ਉੱਨਤੀ ਸ਼ੁਰੂ ਕੀਤੀ ਕਿਉਂਕਿ ਪਹਿਲਾਂ ਵਿਦੇਸ਼ ਤੋਂ ਰਾਸ਼ਨ ਆਉਂਦਾ ਸੀ। ਇਸ ਲਈ ਕਿਸਾਨਾਂ ਨੇ ਦੇਸ਼ ਭਰ ਵਿਚ ਅਪਣਾ ਯੋਗਦਾਨ ਪਾਇਆ ਤੇ ਇਹਨਾਂ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਪੰਜਾਬੀ ਕਿਸਾਨਾਂ ਦਾ ਸੀ। ਦੇਸ਼ ਦੇ ਵਿਕਾਸ ਅਤੇ ਜੀਡੀਪੀ ਨੂੰ ਵਧਾਉਣ ਵਿਚ ਕਿਸਾਨਾਂ ਅਤੇ ਜੰਗ ਵਿਚ ਅਹਿਮ ਭੂਮਿਕਾ ਲਈ ਜਾਵਾਨਾਂ ਦੇ ਯੋਗਦਾਨ ਨੂੰ ਦੇਖਦਿਆਂ ਲਾਲ ਬਹਾਦਰ ਸ਼ਾਸਤਰੀ ਨੇ ਇਹ ਨਾਅਰਾ ਬੁਲੰਦ ਕੀਤਾ। ਪਰ ਉਸ ਤੋਂ ਬਾਅਦ ਜਵਾਨਾਂ ਨੂੰ ਵੀ ਮਾਰਿਆ ਗਿਆ ਤੇ ਕਿਸਾਨਾਂ ਨੂੰ ਵੀ ਮਾਰਿਆ ਗਿਆ।

ਕੁਝ ਸਮਾਂ ਪਹਿਲਾਂ ਇਕ ਰੈਂਕ ਇਕ ਪੈਨਸ਼ਨ ਦੀ ਮੰਗ ਕਰ ਰਹੇ ਸਾਬਕਾ ਫ਼ੌਜੀਆਂ ਦੇ ਅੰਦੋਲਨ ਦੇ ਚਲਦਿਆਂ ਪੁਲਿਸ ਵੱਲੋਂ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਸੀ। ਸੰਸਦ ਵਿਚ ਇਕ ਕਾਨੂੰਨ ਬਣਦਾ ਹੈ ਤੇ ਸੁਪਰੀਮ ਕੋਰਟ ਫੈਸਲਾ ਸੁਣਾਉਂਦੀ ਹੈ, ਜੇ ਇਸ ਤੋਂ ਬਾਅਦ ਵੀ ਕਾਨੂੰਨ ਲਾਗੂ ਨਹੀਂ ਕੀਤਾ ਜਾਂਦਾ ਤਾਂ ਇਹ ਸਰਕਾਰ ਦੀ ਨਲਾਇਕੀ ਹੈ। ਕਿਸਾਨਾਂ ਅਤੇ ਜਵਾਨਾਂ ਵਿਚ ਬਹੁਤ ਗੂੜੀ ਸਾਂਝ ਹੈ ਕਿਉਂਕਿ ਜਵਾਨ ਕਿਸਾਨਾਂ ਵਿਚੋਂ ਪੈਦਾ ਹੁੰਦਾ ਹੈ ਤੇ ਕਿਸਾਨਾਂ ਵਿਚ ਹੀ ਰਹਿੰਦਾ ਹੈ। ਸਾਡੇ ਕਈ ਜਵਾਨ ਤੇ ਸਾਬਕਾ ਫੌਜੀ ਕਿਸਾਨਾਂ ਦੇ ਸੰਘਰਸ਼ ਵਿਚ ਵੀ ਸ਼ਾਮਲ ਹਨ ਤੇ ਪੂਰਾ ਯੋਗਦਾਨ ਪਾ ਰਹੇ ਹਨ।

ਸਵਾਲ: “ਜੈ ਜਵਾਨ ਜੈ ਕਿਸਾਨਦਾ ਨਾਅਰਾ ਕਿਸਾਨਾਂ ਅਤੇ ਜਵਾਨਾਂ ਦੀ ਅਹਿਮੀਅਤ ਨੂੰ ਸਮਝਦਿਆਂ ਦਿੱਤਾ ਗਿਆ ਸੀ। ਹੁਣ ਇਹ ਨਾਅਰਾ ਸਿਆਸੀ ਤੌਰ ’ਤੇ ਲਾਇਆ ਜਾ ਰਿਹਾ, ਇਸ ਦੀ ਅਹਿਮੀਅਤ ਪਹਿਲਾਂ ਵਰਗੀ ਨਹੀਂ ਰਹੀ?

ਜਵਾਬ: ਸਿਆਸੀ ਨੇਤਾ ਇਸ ਨਾਅਰੇ ਦੀ ਵਰਤੋਂ ਜਨਤਾ ਨੂੰ ਗੁੰਮਰਾਹ ਕਰਨ ਲਈ ਕਰ ਰਹੇ ਹਨ। ਜੇ ਸਿਆਸੀ ਆਗੂਆਂ ਨੂੰ ਕਿਸਾਨਾਂ ਦੀ ਥੋੜੀ ਜਿਹੀ ਵੀ ਫਿਕਰ ਹੁੰਦੀ ਤਾਂ ਕਿਸਾਨ ਅੱਜ ਦਰ-ਦਰ ਦੀਆਂ ਠੋਕਰਾਂ ਨਾ ਖਾਂਦੇ। ਅੱਜ ਲੱਖਾਂ ਦੀ ਗਿਣਤੀ ਵਿਚ ਕਿਸਾਨ ਬਾਰਡਰਾਂ ਉੱਤੇ ਡਟੇ ਹੋਏ ਹਨ ਅਤੇ ਸੈਂਕੜੇ ਦੀ ਗਿਣਤੀ ਵਿਚ ਕਿਸਾਨ ਸ਼ਹੀਦ ਹੋਏ ਹਨ। ਜੇ ਸਰਕਾਰ ਨੂੰ ਅਹਿਸਾਸ ਹੁੰਦਾ ਤਾਂ ਕਰਨਾਲ ਵਿਚ ਇਕ ਐਸਡੀਐਮ ਪੱਧਰ ਦਾ ਅਫ਼ਸਰ ਕਿਸਾਨਾਂ ਦੇ ਸਿਰ ਫੋੜਨ ਦੇ ਹੁਕਮ ਨਾ ਦਿੰਦਾ ਜੋ ਕਾਨੂੰਨ ਦੇ ਖਿਲਾਫ਼ ਹੈ। ਇਹ ਬਹੁਤ ਅਫਸੋਸ ਤੇ ਸ਼ਰਮਨਾਕ ਗੱਲ ਹੈ ਕਿ ਸਰਕਾਰ ਨੇ ਇਸ ਮਾਮਲੇ ਵਿਚ ਅਜੇ ਤੱਕ ਕੋਈ ਨੋਟਿਸ ਵੀ ਨਹੀਂ ਲਿਆ। ਇਸ ਦਾ ਸਪੱਸ਼ਟ ਅਰਥ ਇਹੀ ਹੈ ਕਿ ਇਹਨਾਂ ਨੂੰ ਕਿਸਾਨ ਪਸੰਦ ਨਹੀਂ। ਇਹਨਾਂ ਨੂੰ ਵੱਡੇ ਉਦਯੋਗਿਕ ਘਰਾਣੇ ਪਸੰਦ ਹੈ ਤੇ ਇਹ ਉਹਨਾਂ ਹਵਾਲੇ ਦੇਸ਼ ਕਰਨਾ ਚਾਹੁੰਦੇ ਹਨ।

ਸਵਾਲ: ਕਿਸਾਨ ਪਿਛਲੇ ਸਾਢੇ 9 ਮਹੀਨਿਆਂ ਤੋਂ ਸੜਕਾਂ ’ਤੇ ਰੁਲ ਰਹਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਹੁਣ ਉਹਨਾਂ ਦੀ ਕਦਰ ਨਹੀਂ ਕਰ ਰਹੀ। ਇਸ ਵੇਲੇ ਉਹਨਾਂ ਦੀ ਬਾਂਹ ਫੜਨ ਦੀ ਲੋੜ ਹੈ ਕਿਉਂਕਿ ਉਹਨਾਂ ਦੀਆਂ ਮੰਗਾਂ ਜਾਇਜ਼ ਹਨ।

ਜਵਾਬ: ਸਰਕਾਰ ਬਿਲਕੁਲ ਕਦਰ ਨਹੀਂ ਕਰਦੀ। ਸਰਕਾਰ ਨੇ ਐਨਾ ਕੁਝ ਕੀਤਾ ਪਰ ਅਜੇ ਵੀ ਇਹਨਾਂ ਨੂੰ ਦਰਦ ਨਹੀਂ ਹੋ ਰਿਹਾ, ਇਹ ਬਹੁਤ ਅਫਸੋਸ ਦੀ ਗੱਲ ਹੈ। ਕਿਸਾਨ ਅੰਦੋਲਨ ਸ਼ਾਂਤਮਈ ਚੱਲ ਰਿਹਾ ਹੈ ਪਰ ਸਰਕਾਰ ਉਸ ਨੂੰ ਖਰਾਬ ਕਰਨਾ ਚਾਹੁੰਦੀ ਹੈ। ਸਰਕਾਰ ਨੂੰ ਲੱਗਦਾ ਹੈ ਕਿ ਕਿਸਾਨ ਪਿੱਛੇ ਹਟ ਜਾਣਗੇ ਪਰ ਇਹ ਪਿੱਛੇ ਹਟਣ ਵਾਲੇ ਨਹੀਂ। ਸਰਕਾਰ ਕਹਿੰਦੀ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਪਰ ਹੁਣ ਤੱਕ ਨਹੀਂ ਹੋਈ। ਇਹਨਾਂ ਹਲਾਤਾਂ ਲਈ ਸਰਕਾਰ ਸਣੇ ਹੋਰ ਆਗੂ ਵੀ ਜ਼ਿੰਮੇਵਾਰ ਹਨ।

ਸਵਾਲ: ਸਾਰਾਗੜ੍ਹੀ ਦੀ ਜੰਗ ਵਿਚ 21 ਜਵਾਨਾਂ ਨੇ 10 ਹਜ਼ਾਰ ਮੁਗਲ ਫੌਜੀਆਂ ਦਾ ਸਾਹਮਣਾ ਕੀਤਾ ਸੀ। ਇਸ ਜੰਗ ਨੇ ਦੁਨੀਆਂ ਭਰ ਵਿਚ ਮਿਸਾਲ ਪੇਸ਼ ਕੀਤੀ ਹੈ। ਸਾਰਾਗੜ੍ਹੀ ਜੰਗ ਦੀ 125ਵੀਂ ਵਰੇਗੰਢ ਆ ਰਹੀ ਹੈ। ਇਸ ਵਰੇਗੰਢ ਮੌਕੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ?

ਜਵਾਬ: ਸਰਕਾਰ ਨੂੰ ਚਾਹੀਦਾ ਹੈ ਕਿ ਇਕ ਮੁਹਿੰਮ ਸ਼ੁਰੂ ਕਰਕੇ ਦੇਸ਼ ਭਰ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਨੌਜਵਾਨ ਪੀੜੀ ਤੱਕ ਇਸ ਜੰਗ ਦਾ ਇਤਿਹਾਸ ਪਹੁੰਚਾਇਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਸਰਕਾਰ ਕੋਲ ਮੰਗ ਕੀਤੀ ਗਈ ਕਿ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿਚ 125 ਸਾਲਾ ਸਿੱਕਾ ਤੇ ਸਟੈਂਪ ਜਾਰੀ ਕੀਤੀ ਜਾਵੇ।

ਸਵਾਲ: ਕੀ ਤੁਹਨੂੰ ਲੱਗਦਾ ਹੈ ਕਿ ਇਤਿਹਾਸ ਨੂੰ ਹੁਣ ਅਪਣੇ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਜਵਾਬ: ਇਹ ਬਹੁਤ ਵੱਡੀ ਚੁਣੌਤੀ ਹੈ। ਇਹ ਇਤਿਹਾਸ ਪੰਜਾਬੀਆਂ ਅਤੇ ਸਿੱਖਾਂ ਵੱਲੋਂ ਕੁਰਬਾਨੀਆਂ ਦੇ ਕੇ ਸਿਰਜਿਆ ਗਿਆ ਹੈ। ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਨਾਲ ਛੇੜਖਾਨੀ ਨਾ ਕੀਤੀ ਜਾਵੇ।

ਸਵਾਲ: ਹਾਲ ਹੀ ਦੇ ਵਿਚ ਜਲ੍ਹਿਆਂਵਾਲੇ ਬਾਗ ਦੀ ਘਟਨਾ ਤੁਹਾਡੇ ਧਿਆਨ ਵਿਚ ਹੋਵੇਗੀ। ਜਿਸ ਤਰ੍ਹਾਂ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਇਆ ਗਿਆ ਹੈ, ਉਸ ਸਬੰਧੀ ਇਤਰਾਜ਼ ਜਤਾਏ ਜਾ ਰਹੇ ਹਨ। ਇਸ ਦੇ ਨਾਲ ਹੀ ਜਲ੍ਹਿਆਂਵਾਲੇ ਬਾਗ ਦੀਆਂ ਕੰਧਾਂ ਬਦਲੀਆਂ ਗਈਆਂ। ਇਸ ਬਾਰੇ ਕੀ ਕਹੋਗੇ?

ਜਵਾਬ: ਵਿਰਾਸਤ ਨਾਲ ਛੇੜਛਾੜ ਕਰਨਾ ਬਿਲਕੁਲ ਜਾਇਜ਼ ਨਹੀਂ। ਅਸਲੀ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਜਿੱਥੇ ਖੂਨ ਡੁੱਲਿਆ ਹੈ, ਜਿੱਥੇ ਗੋਲੀਆਂ ਚੱਲੀਆਂ ਹੋਵੇ, ਉਸ ਥਾਂ ਨਾਲ ਛੇੜਛਾੜ ਬਿਲਕੁਲ ਗਲਤ ਹੈ। ਸਰਕਾਰ ਨੂੰ ਜਲ੍ਹਿਆਂਵਾਲੇ ਬਾਗ ਦਾ ਨਵੀਨੀਕਰਨ ਸਲਾਹ ਮਸ਼ਵਰੇ ਤੋਂ ਬਾਅਦ ਕਰਵਾਉਣਾ ਚਾਹੀਦਾ ਸੀ।

ਸਵਾਲ: ਜਿਸ ਤਰ੍ਹਾਂ ਦੇ ਅੱਜ ਹਾਲਾਤ ਬਣੇ ਹੋਏ ਹਨ, ਸਾਨੂੰ ਅਪਣੇ ਦੁਸ਼ਮਣ ਦਾ ਪਤਾ ਨਹੀਂ ਚੱਲ ਰਿਹਾ ਕਿਉਂਕਿ ਸਾਡੀ ਪਿੱਠ ਪਿੱਛੇ ਵੀ ਵਾਰ ਹੋ ਰਹੇ ਨੇ ਤੇ ਸਾਹਮਣੇ ਤੋਂ ਵੀ ਵਾਰ ਹੋ ਰਿਹਾ ਹੈ।

ਜਵਾਬ: ਸਾਨੂੰ ਸਾਡੇ ਦੁਸ਼ਮਣ ਦਾ ਪਤਾ ਨਹੀਂ ਲੱਗ ਰਿਹਾ ਕਿਉਂਕਿ ਇਸ ਵੇਲੇ ਕੋਈ ਸਿੱਧੀ ਜੰਗ ਨਹੀਂ ਹੋਵੇਗੀ, ਜੇ ਹੋਈ ਤਾਂ ਬਹੁਤ ਵੱਡੀ ਹੋਵੇਗੀ। ਇਸ ਲਈ ਸਾਨੂੰ ਮਜ਼ਬੂਤੀ ਅਤੇ ਸਮਝਦਾਰੀ ਨਾਲ ਤਿਆਰ ਹੋਣਾ ਪਵੇਗਾ।