ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਪਰਗਟ ਸਿੰਘ ਦਾ ਵੱਡਾ ਬਿਆਨ, ਪੜ੍ਹੋ ਨਵਜੋਤ ਸਿੱਧੂ ਨੇ ਵੀ ਕੀ ਕਿਹਾ 

ਏਜੰਸੀ

ਖ਼ਬਰਾਂ, ਪੰਜਾਬ

ਪਰਗਟ ਸਿੰਘ ਨੇ ਆਖਿਆ ਕਿ ਕਾਂਗਰਸ ਇਹ ਕਦੇ ਨਹੀਂ ਚਾਹੇਗੀ ਕਿ ਪੰਜਾਬ ਜਾਂ ਕਿਸਾਨਾਂ ਦਾ ਨੁਕਸਾਨ ਹੋਵੇ।

Navjot Sidhu Meeting With Farmers

 

ਚੰਡੀਗੜ੍ਹ : ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਮੁਤਾਬਕ ਅੱਜ ਨਵਜੋਤ ਸਿੱਧੂ, ਪਰਗਟ ਸਿੰਘ ਅਤੇ ਕੁਲਜੀਤ ਸਿੰਘ ਨਾਗਰਾ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਇਹ ਮੁਲਾਕਾਤ ਸਕਾਰਾਤਮਕ ਰਹੀ ਹੈ ਅਤੇ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜ੍ਹੇ ਹਾਂ ਅਤੇ ਅਸੀਂ ਆਪਣੀ ਗੱਲ ਕਿਸਾਨਾਂ ਅੱਗੇ ਰੱਖੀ ਹੈ।

Pargat Singh

ਪਰਗਟ ਸਿੰਘ ਨੇ ਆਖਿਆ ਕਿ ਕਾਂਗਰਸ ਇਹ ਕਦੇ ਨਹੀਂ ਚਾਹੇਗੀ ਕਿ ਪੰਜਾਬ ਜਾਂ ਕਿਸਾਨਾਂ ਦਾ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਚੋਣਾਂ ਨੂੰ ਅਜੇ ਬਹੁਤ ਸਮਾਂ ਪਿਆ ਹੈ ਇਸ ਲਈ ਰੈਲੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਲਈ  ਸਿਆਸੀ ਪਾਰਟੀਆਂ ਨੂੰ ਅਜੇ ਚੋਣਾਂ ਦਾ ਮਾਹੌਲ ਨਹੀਂ ਸਿਰਜਣਾ ਚਾਹੀਦਾ ਸਗੋਂ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਆਪਣਾ-ਆਪਣਾ ਏਜੰਡਾ ਹੈ ਤੇ ਪਿਛਲੇ ਸਮੇਂ ਦੌਰਾਨ ਪੰਜਾਬ ਦੀ ਆਰਥਿਕਤਾ ਨੂੰ ਬਹੁਤ ਵੱਡੀ ਢਾਹ ਲੱਗੀ ਹੈ ਖਾਸ ਕਰ ਕੇ ਕਿਸਾਨੀ ਨੂੰ, ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਲਿਹਾਜ਼ਾ ਹੁਣ ਪੰਜਾਬ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਪਰਗਟ ਸਿੰਘ ਨੇ ਕਿਹਾ ਕਿ ਅਸੀਂ ਹਰ ਫ਼ੈਸਲਾ ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ ਨੂੰ ਮੁੱਖ ਰੱਖਦੇ ਹੋਏ ਲਿਆ ਹੈ। ਉਹਨਾਂ ਕਿਹਾ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਤੇ ਅੱਗੇ ਵੀ ਕਿਸਾਨਾਂ ਨੂੰ ਸਮਰਪਿਤ ਹੈ।