ਕਣਕ ਦੀ ਕੀਮਤ 'ਚ 40 ਰੁਪਏ ਪ੍ਰਤੀ ਕੁਇੰਟਲ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ : ਕੁਲਤਾਰ ਸਿੰਘ ਸੰਧਵਾਂ

ਏਜੰਸੀ

ਖ਼ਬਰਾਂ, ਪੰਜਾਬ

ਕਣਕ ਦੀ ਕੀਮਤ 'ਚ 40 ਰੁਪਏ ਪ੍ਰਤੀ ਕੁਇੰਟਲ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ : ਕੁਲਤਾਰ ਸਿੰਘ ਸੰਧਵਾਂ

image

ਚੰਡੀਗੜ੍ਹ, 9 ਸਤੰਬਰ (ਨਰਿੰਦਰ ਸਿੰਘ ਝਾਮਪੁਰ) : ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਵਲੋਂ ਹਾੜੀ ਦੀਆਂ ਫ਼ਸਲਾਂ ਲਈ ਐਲਾਨੇ ਘੱਟੋ- ਘੱਟ ਸਮਰਥਨ ਮੁੱਲ ਨੂੰ  ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿਤਾ ਹੈ | ਸੰਧਵਾਂ ਨੇ ਦੋਸ਼ ਲਾਇਆ ਕਿ ਕਿਸਾਨਾਂ ਦੀ ਖੇਤੀਬਾੜੀ ਆਮਦਨ 2022 ਤਕ ਦੁਗਣੀ ਕਰਨ ਦੇ ਦਾਅਵੇ ਕਰਨ ਵਾਲੀ ਨਰਿੰਦਰ ਮੋਦੀ ਸਰਕਾਰ ਨੇ ਕਣਕ ਦੇ ਮੁੱਲ ਵਿਚ ਮਹਿਜ਼ 40 ਰੁਪਏ ਪ੍ਰਤੀ ਕੁਇੰਟਲ ਵਾਧਾ ਕਰ ਕੇ ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਦੇ ਕਿਸਾਨਾਂ ਤੋਂ ਕੇਂਦਰ ਸਰਕਾਰ ਵਿਰੁਧ ਅੰਦੋਲਨ ਕਰਨ ਦਾ ਬਦਲਾ ਲਿਆ ਹੈ |
  ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵਲੋਂ ਹਾੜੀ ਦੀਆਂ ਫ਼ਸਲਾਂ 'ਤੇ ਐਲਾਨਿਆ ਘੱਟੋ-ਘੱਟ ਸਮਰਥਨ ਮੁੱਲ ਸਿਰਫ ਐਲਾਨ ਹੀ ਹੈ ਕਿਉਂਕਿ ਕਿਸੇ ਵੀ ਫ਼ਸਲ ਦੇ ਨਿਰਧਾਰਤ ਮੁੱਲ 'ਤੇ ਖ਼ਰੀਦ ਕਰਨ ਲਈ ਕੋਈ ਗਾਰੰਟੀ ਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਇਹ ਵੀ ਸਪੱਸ਼ਟ ਕਰੇ ਕਿ ਛੋਲੇ, ਸਰੋ੍ਹਾ, ਮੱਕੀ, ਸੂਰਜਮੁਖੀ ਅਤੇ ਜੌਂ ਆਦਿ ਫ਼ਸਲਾਂ ਦੀ ਐਲਾਨੀ ਗਈ ਕੀਮਤ 'ਤੇ ਕਿਸਾਨਾਂ ਕੋਲੋਂ ਫ਼ਸਲ ਕੌਣ ਅਤੇ ਕਿੱਥੇ ਖ਼ਰੀਦੇਗਾ ਤਾਂ ਜੋ ਕਿਸਾਨਾਂ ਨੂੰ  ਕੁਝ ਲਾਭ ਮਿਲ ਸਕੇ | ਸੰਧਵਾਂ ਨੇ ਕਿਹਾ ਕਿ ਪਿਛਲੇ 9 ਮਹੀਨਿਆਂ ਦੌਰਾਨ ਡੀਜ਼ਲ ਦੀ ਕੀਮਤ 'ਚ 12.15 ਰੁਪਏ ਪ੍ਰਤੀ ਲੀਟਰ ਵਾਧਾ ਹੋਇਆ ਹੈ | ਇਸ ਤੋਂ ਇਲਾਵਾ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਅਤੇ ਖੇਤੀ ਖ਼ਰਚਿਆਂ ਦੇ ਹਿਸਾਬ ਨਾਲ ਹਾੜੀ ਦੀਆਂ ਫ਼ਸਲਾਂ ਐਲਾਨਿਆਂ ਮੁੱਲ ਬਿਲਕੁਲ ਨਿਗੁਣਾ ਹੈ ਅਤੇ ਕੇਂਦਰ ਸਰਕਾਰ ਨੂੰ  ਇਸ ਨਿਗੂਣੇ ਵਾਧੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ |