ਕਰਤਾਰਪੁਰ ਲਾਂਘੇ ਨੇ ਮਿਲਾਏ ਵੰਡ ਦੌਰਾਨ ਵਿਛੜੇ ਇਕ ਹੋਰ ਭੈਣ-ਭਰਾ  

ਏਜੰਸੀ

ਖ਼ਬਰਾਂ, ਪੰਜਾਬ

65 ਸਾਲਾ ਕੁਲਸੂਮ ਆਪਣੇ ਭਰਾ ਸਿੰਘ ਨੂੰ ਦੇਖ ਕੇ ਆਪਣੇ ਜਜ਼ਬਾਤ 'ਤੇ ਕਾਬੂ ਨਾ ਰੱਖ ਸਕੀ

Another brother and sister separated during the Kartarpur Corridor

 

ਇਸਲਾਮਾਬਾਦ - ਪੰਜਾਬ ਦੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੂੰ 75 ਸਾਲ ਬਾਅਦ 1947 ਦੌਰਾਨ ਵਿਛੜੀ ਅਪਣੀ ਭੈਣ ਮਿਲ ਗਈ ਹੈ ਜਿਸ ਤੋਂ ਬਾਅਦ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਦੋਨੋਂ ਭੈਣ-ਭਰਾ ਕਰਤਾਰਪੁਰ ਕਾਰੀਡੋਰ ਵਿਖੇ ਮਿਲੇ। ਅਮਰਜੀਤ ਸਿੰਘ ਦੇ ਮੁਸਲਿਮ ਮਾਤਾ-ਪਿਤਾ ਵੰਡ ਦੇ ਸਮੇਂ ਪਾਕਿਸਤਾਨ ਚਲੇ ਗਏ ਸਨ ਜਦੋਂ ਕਿ ਉਹ ਅਤੇ ਉਸ ਦੀ ਭੈਣ ਭਾਰਤ ਵਿਚ ਪਿੱਛੇ ਰਹਿ ਗਏ ਸਨ ਪਰ ਇਸ ਬੁੱਧਵਾਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਵ੍ਹੀਲਚੇਅਰ ਵਾਲੇ ਅਮਰਜੀਤ ਸਿੰਘ ਆਪਣੀ ਭੈਣ ਕੁਲਸੁਮ ਅਖਤਰ ਨੂੰ ਮਿਲੇ। 

ਇਕ ਖ਼ਬਰ ਮੁਤਾਬਕ ਸਿੰਘ ਆਪਣੀ ਭੈਣ ਨੂੰ ਮਿਲਣ ਲਈ ਵੀਜ਼ਾ ਲੈ ਕੇ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚਿਆ। 65 ਸਾਲਾ ਕੁਲਸੂਮ ਆਪਣੇ ਭਰਾ ਸਿੰਘ ਨੂੰ ਦੇਖ ਕੇ ਆਪਣੇ ਜਜ਼ਬਾਤ 'ਤੇ ਕਾਬੂ ਨਾ ਰੱਖ ਸਕੀ ਅਤੇ ਦੋਵੇਂ ਇਕ-ਦੂਜੇ ਨੂੰ ਜੱਫੀ ਪਾ ਕੇ ਰੋਣ ਲੱਗੇ। ਕੁਲਸੁਮ ਪੁੱਤਰ ਸ਼ਹਿਜ਼ਾਦ ਅਹਿਮਦ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਆਪਣੇ ਭਰਾ ਨੂੰ ਮਿਲਣ ਲਈ ਫ਼ੈਸਲਾਬਾਦ ਤੋਂ ਕਰਤਾਰਪੁਰ ਪਹੁੰਚੀ। ਕੁਲਸੁਮ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ 1947 ਵਿਚ ਜਲੰਧਰ ਦੇ ਇੱਕ ਉਪਨਗਰ ਤੋਂ ਪਾਕਿਸਤਾਨ ਚਲੇ ਗਏ ਸਨ ਜਦੋਂ ਕਿ ਉਸ ਦਾ ਭਰਾ ਅਤੇ ਇੱਕ ਭੈਣ ਉੱਥੇ ਰਹਿ ਗਏ ਸਨ।

ਕੁਲਸੁਮ ਨੇ ਕਿਹਾ ਕਿ ਉਹ ਪਾਕਿਸਤਾਨ ਵਿਚ ਪੈਦਾ ਹੋਈ ਸੀ ਅਤੇ ਆਪਣੀ ਮਾਂ ਤੋਂ ਭਾਰਤ ਵਿਚ ਰਹਿ ਗਏ ਆਪਣੇ ਭਰਾ ਅਤੇ ਭੈਣ ਬਾਰੇ ਸੁਣਦੀ ਸੀ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਉਹ ਕਦੇ ਆਪਣੇ ਭਰਾ ਅਤੇ ਭੈਣ ਨੂੰ ਮਿਲ ਸਕੇਗੀ। ਉਸ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਸਰਦਾਰ ਦਾਰਾ ਸਿੰਘ ਦਾ ਇੱਕ ਦੋਸਤ ਭਾਰਤ ਤੋਂ ਪਾਕਿਸਤਾਨ ਆਇਆ ਸੀ ਅਤੇ ਉਸ ਨੂੰ ਵੀ ਮਿਲਿਆ ਸੀ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਮਾਂ ਨੇ ਸਰਦਾਰ ਦਾਰਾ ਸਿੰਘ ਨੂੰ ਆਪਣੇ ਪੁੱਤਰ ਅਤੇ ਧੀ ਦੇ ਭਾਰਤ ਛੱਡਣ ਬਾਰੇ ਦੱਸਿਆ। ਉਸ ਨੇ ਆਪਣੇ ਪਿੰਡ ਦਾ ਨਾਂ ਅਤੇ ਹੋਰ ਜਾਣਕਾਰੀ ਵੀ ਦਾਰਾ ਸਿੰਘ ਨੂੰ ਦਿੱਤੀ। 

ਇਸ ਤੋਂ ਬਾਅਦ ਦਾਰਾ ਸਿੰਘ ਪਿੰਡ ਪੜਾਵਾਂ ਵਿਚ ਆਪਣੇ ਘਰ ਗਿਆ ਅਤੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦਾ ਲੜਕਾ ਜ਼ਿੰਦਾ ਹੈ ਪਰ ਉਸ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ। ਕੁਲਸੁਮ ਮੁਤਾਬਕ ਦਾਰਾ ਸਿੰਘ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਨਾਂ ਅਮਰਜੀਤ ਸਿੰਘ ਸੀ, ਜਿਸ ਨੂੰ 1947 'ਚ ਇਕ ਸਿੱਖ ਪਰਿਵਾਰ ਨੇ ਗੋਦ ਲਿਆ ਸੀ। ਉਨ੍ਹਾਂ ਦੱਸਿਆ ਕਿ ਆਪਣੇ ਭਰਾ ਦੀ ਸੂਚਨਾ ਮਿਲਣ ਤੋਂ ਬਾਅਦ ਕੁਲਸੁਮ ਨੇ ਵਟਸਐਪ 'ਤੇ ਸਿੰਘ ਨਾਲ ਸੰਪਰਕ ਕੀਤਾ ਅਤੇ ਬਾਅਦ 'ਚ ਮਿਲਣ ਦਾ ਫੈਸਲਾ ਕੀਤਾ। 

ਅਮਰਜੀਤ ਸਿੰਘ ਨੇ ਕਿਹਾ ਕਿ ਜਦੋਂ ਉਸ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਸ ਦੇ ਅਸਲ ਮਾਤਾ-ਪਿਤਾ ਪਾਕਿਸਤਾਨ ਵਿਚ ਹਨ ਅਤੇ ਮੁਸਲਮਾਨ ਹਨ, ਤਾਂ ਇਹ ਉਸ ਲਈ ਸਦਮਾ ਸੀ। ਉਸ ਦੇ ਅਨੁਸਾਰ, ਹਾਲਾਂਕਿ, ਉਸ ਨੇ ਆਪਣੇ ਆਪ ਨੂੰ ਤਸੱਲੀ ਦਿੱਤੀ ਕਿ ਉਸ ਦੇ ਆਪਣੇ ਪਰਿਵਾਰ ਤੋਂ ਇਲਾਵਾ ਕਈ ਹੋਰ ਪਰਿਵਾਰ ਵੀ ਵੰਡ ਸਮੇਂ ਇੱਕ ਦੂਜੇ ਤੋਂ ਵਿਛੜ ਗਏ ਸਨ। ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਅਸਲੀ ਭੈਣ ਅਤੇ ਭਰਾਵਾਂ ਨੂੰ ਮਿਲਣਾ ਚਾਹੁੰਦਾ ਸੀ। ਉਸ ਨੇ ਕਿਹਾ ਕਿ ਉਸ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਉਸ ਦੇ ਤਿੰਨ ਭਰਾ ਜ਼ਿੰਦਾ ਹਨ। ਹਾਲਾਂਕਿ, ਇੱਕ ਭਰਾ, ਜੋ ਜਰਮਨੀ ਵਿਚ ਸੀ, ਉਸ ਦੀ ਮੌਤ ਹੋ ਗਈ ਹੈ।