‘ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਛੇੜਛਾੜ ਤੇ ਕੁੱਟਮਾਰ ਦੇ ਆਰੋਪ 'ਚ ਅਦਾਲਤ ਨੇ ਦੋਸ਼ੀ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2013 'ਚ ਇਕ ਦਲਿਤ ਲੜਕੀ ਨਾਲ ਕੀਤੀ ਗਈ ਸੀ ਛੇੜਛਾੜ ਅਤੇ ਕੁੱਟਮਾਰ, 12 ਸਤੰਬਰ ਨੂੰ ਸੁਣਾਈ ਜਾਵੇਗੀ

AAP MLA Manjinder Singh Lalpura found guilty of molestation and assault by court

ਤਰਨ ਤਾਰਨ : ਵਧੀਕ ਸੈਸ਼ਨ ਜੱਜ ਤਰਨ ਤਾਰਨ ਪ੍ਰੇਮ ਕੁਮਾਰ ਦੀ ਅਦਾਲਤ ਨੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 12 ਨੂੰ ਇੱਕ ਦਲਿਤ ਪਰਿਵਾਰ ਦੀ ਲੜਕੀ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇੇ ਮਾਮਲੇ ਵਿੱਚ ਮੁੱਖ ਦੋਸ਼ੀ ਕਰਾਰ ਦੇ ਦਿੱਤਾ ਹੈ। ਵਿਧਾਇਕ ਸਮੇਤ 8 ਆਰੋਪੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ’ਚ 12 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ।

ਜ਼ਿਕਰਯੋਗ ਹੈ ਕਿ 4 ਮਾਰਚ 2013 ਨੂੰ ਪਿੰਡ ਉਸਮਾਂ ਦੀ ਰਹਿਣ ਵਾਲੀ ਪੀੜਤ ਆਪਣੇ ਪਿਤਾ ਕਸ਼ਮੀਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਹਿਲ ਪਹੁੰਚੀ ਸੀ। ਜਦੋਂ ਪੀੜਤ ਨਾਲ ਉੱਥੇ ਮੌਜੂਦ ਟੈਕਸੀ ਡਰਾਈਵਰਾਂ ਨੇ ਕਥਿਤ ਤੌਰ ’ਤੇ ਛੇੜਛਾੜ ਕੀਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਟੈਕਸੀ ਡਰਾਈਵਰਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਮੌਕੇ ’ਤੇ ਪਹੁੰਚੀ ਪੁਲਿਸ ਨੇ ਪਰਿਵਾਰ ਨੂੰ ਸੜਕ ’ਤੇ ਬੇਰਹਿਮੀ ਨਾਲ ਕੁੱਟਿਆ। ਜਿਵੇਂ ਹੀ ਇਹ ਵੀਡੀਓ ਮੀਡੀਆ ’ਤੇ ਪਹੁੰਚੀ, ਇਹ ਮਾਮਲਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਜਿਸ ਦੌਰਾਨ ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ।

ਦੋਸ਼ੀ ਟੈਕਸੀ ਡਰਾਈਵਰਾਂ ’ਚੋਂ ਮਨਜਿੰਦਰ ਸਿੰਘ ਲਾਲਪੁਰਾ 2022 ਵਿੱਚ ਖਡੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ। ਬਚਾਅ ਪੱਖ ਦੇ ਵਕੀਲ ਨੇ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿੱਚ ਪੇਸ਼ ਹੋ ਕੇ ਘੱਟੋ-ਘੱਟ ਸਜ਼ਾ ਦੀ ਅਪੀਲ ਕੀਤੀ।