ਦੇਸ਼ ਦੀਆਂ ਵੈਟਰਨਰੀ ਯੂਨੀਵਰਸਿਟੀਆਂ ਵਿਚੋਂ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਨੇ ਪ੍ਰਾਪਤ ਕੀਤਾ ਦੂਜਾ ਸਥਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਸ਼ਟਰੀ ਸੰਸਥਾਗਤ ਰੈਕਿੰਗ ਫ਼ਰੇਮਵਰਕ 2025 ਵਿਚ ਕੀਤੀ ਪ੍ਰਾਪਤੀ ਦਰਜ

Veterinary University Ludhiana secured second position among the veterinary universities of the country.

Veterinary University Ludhiana news :  ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਰਾਸ਼ਟਰੀ ਸੰਸਥਾਗਤ ਰੈਕਿੰਗ ਫ਼ਰੇਮਵਰਕ 2025 ਦੀ ਦਰਜਾਬੰਦੀ ਵਿਚ ਦੇਸ਼ ਭਰ ਦੀਆਂ ਵੈਟਨਰੀ ਯੂਨੀਵਰਸਿਟੀਆਂ ਵਿਚੋਂ ਦੂਸਰਾ ਦਰਜਾ ਪ੍ਰਾਪਤ ਕਰ ਕੇ ਵੱਕਾਰੀ ਸਫ਼ਲਤਾ ਹਾਸਲ ਕੀਤੀ ਹੈ। ਇਸ ਨਾਲ ਯੂਨੀਵਰਸਿਟੀ ਦੀ ਵੈਟਨਰੀ ਸਿਖਿਆ ਅਤੇ ਖੋਜ ਵਿਚ ਇਕ ਮੋਹਰੀ ਯੂਨੀਵਰਸਿਟੀ ਵਜੋਂ ਸਾਖ ਮਜ਼ਬੂਤ ਹੋਈ ਹੈ। ਖੇਤੀਬਾੜੀ ਅਤੇ ਸਬੰਧਤ ਖੇਤਰਾਂ ਦੀ ਸ਼ਰੇਣੀ ਵਿਚ 40 ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿਚੋਂ 30ਵਾਂ ਸਥਾਨ ਪ੍ਰਾਪਤ ਕਰ ਕੇ ਵੈਟਨਰੀ ਯੂਨੀਵਰਸਿਟੀ ਨੇ ਇਹ ਸਾਬਿਤ ਕੀਤਾ ਹੈ ਕਿ ਅਕਾਦਮਿਕ ਉਤਮਤਾ ਅਤੇ ਵੈਟਨਰੀ ਤੇ ਪਸ਼ੂ ਵਿਗਿਆਨ ਖੇਤਰ ਵਿਚ ਨਵੀਨਤਾ ਲਈ ਉਹ ਪੂਰਨ ਤੌਰ ’ਤੇ ਵਚਨਬੱਧ ਹੈ। ਯੂਨੀਵਰਸਿਟੀ ਨੇ ਜਿਥੇ ਚੋਟੀ ਦੀਆਂ 100 ਰਾਜ ਵੈਟਨਰੀ ਯੂਨੀਵਰਸਿਟੀਆਂ ਵਿਚ ਦੂਸਰਾ ਸਥਾਨ ਲਿਆ ਹੈ ਉਥੇ ਇਸ ਨੇ 151-200 ਬੈਂਡ ਵਿਚ ਵੀ ਦਰਜਾ ਪ੍ਰਾਪਤ ਕੀਤਾ ਹੈ।

ਇਥੇ ਇਹ ਵਰਣਨਯੋਗ ਹੈ ਕਿ ਭਾਰਤੀ ਸੰਸਥਾਗਤ ਰੈਕਿੰਗ ਫਰੇਮਵਰਕ ਵਿਚ ਵੀ ਇਸ ਯੂਨੀਵਰਸਿਟੀ ਨੂੰ ਰਾਜ ਵੈਟਨਰੀ ਅਤੇ ਫ਼ਿਸ਼ਰੀਜ਼ ਯੂਨੀਵਰਸਿਟੀਆਂ ਵਿਚੋਂ ਦੋ ਪਹਿਲੀਆਂ ਯੂਨੀਵਰਸਿਟੀਆਂ ਵਿਚ ਆਉਣ ਦਾ ਮਾਣ ਪ੍ਰਾਪਤ ਹੋਇਆ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਇਹ ਇਕ ਸਨਮਾਨਯੋਗ ਪ੍ਰਾਪਤੀ ਹੈ। ਉਨ੍ਹਾਂ ਇਸ ਸਾਂਝੀ ਜਿੱਤ ਦਾ ਸਿਹਰਾ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਸਾਬਕਾ ਵਿਦਿਆਰਥੀਆਂ ਦੇ ਸਿਰ ਬੰਨਿ੍ਹਆ। ਉਨ੍ਹਾਂ ਕਿਹਾ ਕਿ ਦਰਜਾਬੰਦੀ ਮਿਲਣਾ ਜਿਥੇ ਤੁਹਾਨੂੰ ਇਕ ਵਿਸ਼ੇਸ਼ ਹੁਲਾਰਾ ਦਿੰਦਾ ਹੈ ਉਥੇ ਇਹ ਗੱਲ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਸਾਡੀ ਸੰਸਥਾ ਪਸ਼ੂ ਇਲਾਜ ਵਿਗਿਆਨ, ਪਸ਼ੂ ਭਲਾਈ ਅਤੇ ਪੇਸ਼ੇ ਦੀਆਂ ਉੱਚ ਮਰਿਆਦਾਵਾਂ ਨੂੰ ਸਾਹਮਣੇ ਰੱਖ ਕੇ ਸਮਾਜ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਇਸ ਗੱਲ ਦਾ ਵਿਸ਼ਵਾਸ ਪ੍ਰਗਟਾਇਆ ਕਿ ਇਹ ਯੂਨੀਵਰਸਿਟੀ ਪੰਜਾਬ ਅਤੇ ਰਾਸ਼ਟਰੀ ਪੱਧਰ ’ਤੇ ਇਕ ਵੱਕਾਰੀ ਸੰਸਥਾ ਅਤੇ ਸੇਵਾ ਦੇਣ ਵਾਲੇ ਅਦਾਰੇ ਵਜੋਂ ਲਗਾਤਾਰ ਯਤਨਸ਼ੀਲ ਰਹੇਗੀ।