ਹਰੀਸ਼ ਰਾਵਤ ਅਤੇ ਰਾਹੁਲ ਦੀ ਪੰਜਾਬ ਫੇਰੀ ਨੇ ਹਲਚਲ ਮਚਾਈ

ਏਜੰਸੀ

ਖ਼ਬਰਾਂ, ਪੰਜਾਬ

 ਪੰਜਾਬ ਕਾਂਗਰਸ ਵਿਚ ਨਵਜੋਤ ਸਿੱਧੂ ਦੀ ਅਹਿਮੀਅਤ

Rahul Gandhi And Harish Rawat Punjab Rally

ਚੰਡੀਗੜ੍ਹ (ਜੀ.ਸੀ. ਭਾਰਦਵਾਜ): ਕੇਂਦਰ ਸਰਕਾਰ ਵਿਚ ਸੱਤਾਧਾਰੀ ਬੀ.ਜੇ.ਪੀ. ਨੇ ਇਕ ਪਾਸੇ ਪੰਜਾਬ ਵਿਚ ਕਿਸਾਨ ਵਿਰੋਧੀ ਤਿੰਨ ਖੇਤੀ ਆਰਡੀਨੈਂਸ ਲਾਗੂ ਕਰ ਕੇ ਲੱਖਾਂ ਕਿਸਾਨ ਪਰਵਾਰਾਂ ਵਿਚ ਪਿਛਲੇ ਚਾਰ ਮਹੀਨਿਆਂ ਤੋਂ ਉਥਲ-ਪੁਥਲ ਮਚਾਈ ਹੋਈ ਹੈ, ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਲਈ ਜਸਟਿਸ ਐਸ.ਐਸ. ਸਾਰੋਂ ਨੂੰ ਬਤੌਰ ਚੀਫ਼ ਕਮਿਸ਼ਨਰ ਨਿਯੁਕਤ ਕਰ ਕੇ ਸਿੱਖ ਜਗਤ ਵਿਚ ਹਲ ਚਲ ਛੇੜ ਦਿਤੀ ਹੈ। 

ਇਸ ਘੜ-ਮੱਸ ਵਿਚ ਸੱਤਾਧਾਰੀ ਕਾਂਗਰਸ ਜੋ ਪਿਛਲੇ ਪੌਣੇ ਚਾਰ ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਸੁਨੀਲ ਜਾਖੜ, ਪਾਰਟੀ ਪ੍ਰਧਾਨ, ਮਜ਼ਬੂਤੀ ਅਤੇ ਦ੍ਰਿੜ੍ਹਤਾ ਨਾਲ ਚੱਲੀ ਜਾ ਰਹੇ ਸਨ, ਦੇ ਲੋਕ ਹਿੱਤ ਮਹੌਲ ਵਿਚ ਕਾਂਗਰਸ ਹਾਈ ਕਮਾਂਡ ਦੇ ਦੋਨਾਂ ਚੋਟੀ ਦੇ ਨੇਤਾਵਾਂ ਰਾਹੁਲ ਗਾਂਧੀ ਤੇ ਹਰੀਸ਼ ਰਾਵਤ ਨੇ ਨਜਵੋਤ ਸਿੱਧੂ ਨੂੰ ਮੋਗਾ ਰੈਲੀ ਵਿਚ ਬੁਲਵਾ ਕੇ ਅਤੇ ਮੀਡੀਆ ਵਿਚ ਸਿੱਧੂ ਦੀਆਂ ਸਿਫ਼ਤਾਂ ਕਰ ਕੇ ਕਾਂਗਰਸੀ ਨੇਤਾਵਾਂ ਨੂੰ ਸੋਚੀ ਪਾ ਦਿਤਾ ਹੈ।

ਪਿਛਲੇ ਕੁੱਝ ਦਿਨਾਂ ਤੋਂ ਨੇਤਾਵਾਂ, ਪਾਰਟੀ ਦੇ ਚਿੰਤਕਾਂ ਤੇ ਸਿਆਸੀ ਮਾਹਿਰਾਂ ਨੂੰ, ਚਰਚਾ ਦਾ ਮੁੱਦਾ ਮਿਲ ਗਿਆ ਹੈ ਅਤੇ ਮੁੱਖ ਮੰਤਰੀ ਤੇ ਕਾਂਗਰਸ ਪ੍ਰਧਾਨ ਦੀ ਨੀਂਦ ਹਰਾਮ ਹੋ ਗਈ ਹੈ।  ਭਾਵੇਂ ਦੋ ਤਿਹਾਈ ਬਹੁ-ਮੱਤ ਵਾਲੀ ਸਰਕਾਰ ਦੇ ਨੇਤਾ ਅਤੇ ਪੰਜਾਬ ਤੋਂ ਇਲਾਵਾ ਸਾਰੇ ਮੁਲਕ ਵਿਚ ਹਰਮਨ ਪਿਆਰੇ ਤੇ ਧਾਕੜ ਮੁੱਖ ਮੰਤਰੀ ਨੇ ਸਿੱਧੂ ਬਾਰੇ ਸਪੱਸ਼ਟ ਕਰ ਦਿਤਾ ਹੈ ਕਿ ਤਿੰਨ ਸਾਲ ਪਹਿਲਾਂ ਬੀ.ਜੇ.ਪੀ. ਵਿਚੋਂ ਆਏ, ਇਸ ਨੇਤਾ ਨੂੰ ਕਾਂਗਰਸ ਪ੍ਰਧਾਨ ਨਹੀਂ ਬਣਾਇਆ ਜਾ ਸਕਦਾ,

ਇਸ ਤੋਂ ਸੀਨੀਅਰ ਹੋਰ ਕਈ ਪੁਰਾਣੇ ਨੇਤਾ, ਇਸ ਕੁਰਸੀ ਦੇ ਯੋਗ ਤੇ ਨਿਪੁੰਨ ਹਨ, ਫਿਰ ਵੀ ਕਾਂਗਰਸ ਵੀ ਅੰਦਰੂਨੀ ਖਿੱਚੋਤਾਣ, ਸੀਨੀਅਰ-ਜੂਨੀਅਰ ਦਾ ਰੇੜਕਾ, ਜੱਟਵਾਦ-ਦਲਿਤ ਦਾ ਵਖਰੇਵਾਂ ਅਤੇ ਯੰਗ-ਬਿ੍ਰਗੇਡ ਬਨਾਮ ਤਜਰਬੇਕਾਰ ਬਜ਼ੁਰਗਾਂ ਦੇ ਨਾਪ-ਤੋਲ ਦੀ ਬਹਿਸ, ਆਉਂਦੀਆਂ ਚੋਣਾਂ ਵਾਸਤੇ ਭਾਰੂ ਰਹੇਗੀ। 
 ਕਾਂਗਰਸ ਹਾਈ ਕਮਾਂਡ ਪੰਜਾਬ  ਦੀਆਂ ਚੋਣਾਂ ਨੂੰ ਬਾਕੀ ਰਾਜਾਂ ਵਿਚ ਇਕ ਤਜਰਬੇ ਦੇ ਤੌਰ ਉਤੇ ਵਰਤਣ ਨੂੰ ਪਹਿਲ ਤਾਂ ਹੀ ਦੇਣ ਦੀ ਸੋਚ ਰਹੀ ਹੈ

ਜੇ ਬੜਬੋਲੇ, ਬੇ-ਬਾਕ, ਪੰਜਾਬੀ-ਹਿੰਦੀ ਸ਼ਬਦਾਂ ਦੇ ਧਨੀ ਇਸ ਨੌਜੁਆਨ ਨੇਤਾ ਸਿੱਧੂ ਨੂੰ ਮੁੱਖ ਮੰਤਰੀ ਦੀ ਕੁਰਸੀ ਦਾ ਝਾਂਸਾ ਦੇਵੇ ਕਿਉਂਕਿ ਇਸ ਤੋਂ ਥੱਲੇ ਦਾ ਅਹੁਦਾ ਸਿੱਧੂ ਨੂੰ ਮਨਜੂਰ ਨਹੀਂ ਹੈ। ਦੂਜੇ ਪਾਸੇ ਬੀ.ਜੇ.ਪੀ. ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਨਾਤਾ ਤੋੜਨ ਉਤੇ ਇਕੱਲੀ ਰਹਿ ਗਈ ਹੈ, ਉਹ ਵੀ ਕਿਸੇ ਨੌਜੁਆਨ ਸਿੱਖ ਨੇਤਾ ਦੀ ਭਾਲ ਵਿਚ ਹੈ ਜੋ 2022 ਵਿਧਾਨ ਸਭਾ ਚੋਣਾਂ ਵਿਚ ਹਰਿਆਣੇ ਵਾਂਗ ਪੰਜਾਬ ਵਿਚ ਵੀ ਚਮਤਕਾਰੀ ਕਾਰਗੁਜ਼ਾਰੀ ਦਿਖਾ ਕੇ ਇਤਿਹਾਸ ਰਚਣਾ ਚਾਹੁੰਦੀ ਹੈ। 

ਅੱਜ ਕਲ ਪੰਜਾਬ ਦੇ ਬੀ.ਜੇ.ਪੀ. ਨੇਤਾ ਆਪਸੀ ਬੈਠਕਾਂ ਕਰ ਕੇ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿਚ ਵਰਕਰਾਂ ਅਤੇ ਆਮ ਵੋਟਰਾਂ ਨਾਲ ਸੰਪਰਕ ਕਰੀ ਜਾ ਰਹੇ ਹਨ। ਵਿਧਾਇਕਾਂ ਦੀ ਚੋਣ ਵਾਸਤੇ 117 ਹਲਕਿਆਂ ਵਿਚ ਸੰਭਾਵੀ ਨੇਤਾਵਾਂ ਨੂੰ ਬਤੌਰ ਉਮੀਦਵਾਰ ਵੀ ਤਿਆਰ ਕਰ ਰਹੇ ਹਨ। ਕਿਉਂਕਿ ਹਾਲ ਦੀ ਘੜੀ ਅਕਾਲੀ ਦਲ ਭਾਵੇਂ 14 ਵਿਧਾਇਕਾਂ ਨਾਲ ਦੋਨੋਂ ਧਾਰਮਕ ਤੇ ਸਿਆਸੀ ਫ਼ਰੰਟ ਉਤੇ ਕਾਂਗਰਸ ਵਿਰੁਧ ਪੂਰੀ ਟੱਕਰ ਦੇ ਰਿਹਾ ਹੈ ਅਤੇ ਚਾਰ ਗੁੱਟਾਂ ਵਿਚ ਵੰਡੀ ਗਈ ‘‘ਆਪ’’ ਨਾਲੋਂ ਵਧੀਆਂ ਹਾਲਤ ਵਿਚ ਹੈ ਪਰ ਅਪਣੇ ਨੇਤਾ ਸੁਖਬੀਰ ਬਾਦਲ ਦੀ ਕਮਾਨ ਹੇਠ ਇਸ ਚਿੰਤਾ ਵਿਚ ਹੈ ਕਿ ਬੀ.ਜੇ.ਪੀ. ਨੂੰ ਛੱਡਣ ਨਾਲ ਜਿਹੜੀ ਸ਼ਹਿਰੀ ਵੋਟ ਖੁੱਸ ਜਾਵੇਗੀ, ਉਸ ਨੂੰ ਕਿਵੇਂ ਨਾਲ ਜੋੜਿਆ ਜਾਵੇ। 

ਆਉਂਦੇ ਦਿਨਾਂ ਵਿਚ ਪੰਜਾਬ ਅੰਦਰ ਜੋ ਚੋਣ ਅਖਾੜੇ ਦੀ ਤਸਵੀਰ ਬਣਦੀ ਨਜ਼ਰ ਆ ਰਹੀ ਹੈ ਉਹ 2017 ਦੀਆਂ ਚੋਣਾਂ ਵਿਚ ਤਿਕੋਨੀ ਬਣ ਗਈ ਸੀ ਅਤੇ 2022 ਵਿਚ ਚਹੁੰ ਕੋਨੀ ਹੋਏਗੀ ਕਿਉਂਕਿ ਸੱਤਾਧਾਰੀ ਕਾਂਗਰਸ ਨੂੰ ਟਾਕਰਾ ਸ਼੍ਰੋਮਣੀ ਅਕਾਲੀ ਦਲ, ਬੀ.ਜੇ.ਪੀ. ਅਤੇ ਮੁੱਖ ਵਿਰੋਧੀ ਧਿਰ ‘‘ਆਪ’’ ਦੇਵੇਗਾ। ਇਸ ਮਹੌਲ ਵਿਚ ਚੋਣਾਂ ਮਗਰੋਂ ਸਰਕਾਰ ਬਣਾਉਣ ਵਾਸਤੇ ਅਜੀਬ ਸਮਝੌਤੇ ਵੀ ਹੋ ਸਕਦੇ ਹਨ।