ਹਾਈ ਕੋਰਟ ਨੇ ਹਵਾਰਾ ਵਿਰੁਧ ਵਿਚਾਰ ਅਧੀਨ ਕੇਸਾਂ ਦੀ ਨਵੀਂ ਸੂਚੀ ਤਿਆਰ ਕਰਨ ਲਈ ਕਿਹਾ
ਹਵਾਰਾ ਦੀ ਨੁਮਾਇੰਦਗੀ ਕਰ ਰਹੇ ਵਕੀਲ ਮਹਿਮੂਦ ਪ੍ਰਾਚਾ ਨੇ ਕਿਹਾ ਕਿ ਉਨ੍ਹਾਂ ਕੋਲ ਹਵਾਰਾ ਖ਼ਿਲਾਫ਼ ਵਿਚਾਰ ਅਧੀਨ ਪਏ ਕੇਸਾਂ ਬਾਰੇ ਜਾਣਕਾਰੀ ਨਹੀਂ ਹੈ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਸ਼ੁਕਰਵਾਰ ਨੂੰ ਜੇਲ ਵਿਭਾਗ ਨੂੰ ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਵਿਚਾਰ ਅਧੀਨ ਕੇਸਾਂ ਦੀ ਅਪਡੇਟ ਕੀਤੀ ਸੂਚੀ ਤਿਆਰ ਕਰਨ ਲਈ ਕਿਹਾ ਹੈ। ਹਵਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਸਾਜਿਸ਼ ਰਚਣ ਲਈ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਹਵਾਰਾ ਨੇ ਹਾਈ ਕੋਰਟ ਦਾ ਰੁਖ਼ ਕਰ ਜੇਲ ਦੇ ਰੀਕਾਰਡ ’ਚ ਉਸ ਦੇ ਮਾਮਲੇ ਦੇ ਵੇਰਵਿਆਂ ਨੂੰ ਅਪਡੇਟ ਕਰਨ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ।
ਉਸ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਅਸਮਰਥਾ ਉਸ ਨੂੰ ਪੈਰੋਲ, ਫਰਲੋ ਵਰਗੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਰੋਕ ਰਹੀ ਹੈ। ਜੇਲ ਵਿਭਾਗ ਦੀ ਨੁਮਾਇੰਦਗੀ ਕਰਦਿਆਂ ਦਿੱਲੀ ਸਰਕਾਰ ਦੇ ਸਥਾਈ ਵਕੀਲ ਰਾਹੁਲ ਮਿਹਰਾ ਨੇ ਜਸਟਿਸ ਏ ਜੇ ਭੰਭਾਨੀ ਨੂੰ ਦਸਿਆ ਕਿ ਦਿੱਲੀ ਦੀਆਂ ਜੇਲਾਂ ’ਚ ਉਪਲਬਧ ਜਾਣਕਾਰੀ ਅਨੁਸਾਰ ਹਵਾਰਾ ਖ਼ਿਲਾਫ਼ 37 ਕੇਸ ਵਿਚਾਰ ਅਧੀਨ ਹਨ। ਮਿਹਰਾ ਨੇ ਵਕੀਲ ਚੈਤਨਿਆ ਗੋਸਾਈ ਦੇ ਨਾਲ ਕਿਹਾ ਕਿ ਦਿੱਲੀ ਤੋਂ ਬਾਹਰ ਵੱਖ-ਵੱਖ ਅਦਾਲਤਾਂ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਉਨ੍ਹਾਂ ਦੀ ਮੌਜੂਦਾ ਸਥਿਤੀ ਨਾਲ ਕੇਸਾਂ ਦੀ ਸੂਚੀ ਨੂੰ ਸੁਲਝਾਉਣ ਲਈ ਸਾਰੇ ਯਤਨ ਕੀਤੇ ਜਾਣਗੇ ਅਤੇ ਇਸ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਹੈ।
ਜੱਜ ਨੇ ਕਿਹਾ, “ਇਸ ਮੁਤਾਬਕ ਇਕ ਨਵੀਂ ਸੂਚੀ ਤਿਆਰ ਕੀਤੀ ਜਾਵੇ ਅਤੇ ਸੁਣਵਾਈ ਦੀ ਅਗਲੀ ਤਾਰੀਖ਼ ਤੋਂ ਪਹਿਲਾਂ ਪਟੀਸ਼ਨਕਰਤਾ (ਹਵਾਰਾ) ਨੂੰ ਦਿਤੀ ਜਾਵੇ। ’’ ਇਸ ਦੀ ਇਕ ਕਾਪੀ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ ਅਤੇ 11 ਦਸੰਬਰ ਨੂੰ ਕੇਸ ਦੀ ਅਗਲੀ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ। ਹਵਾਰਾ ਦੀ ਨੁਮਾਇੰਦਗੀ ਕਰ ਰਹੇ ਵਕੀਲ ਮਹਿਮੂਦ ਪ੍ਰਾਚਾ ਨੇ ਕਿਹਾ ਕਿ ਉਨ੍ਹਾਂ ਕੋਲ ਹਵਾਰਾ ਖ਼ਿਲਾਫ਼ ਵਿਚਾਰ ਅਧੀਨ ਪਏ ਕੇਸਾਂ ਬਾਰੇ ਜਾਣਕਾਰੀ ਨਹੀਂ ਹੈ ਕਿਉਂਕਿ ਜ਼ਿਆਦਾਤਰ ਕੇਸ ਪੰਜਾਬ ’ਚ ਵਿਚਾਰ ਅਧੀਨ ਹਨ। ਹਵਾਰਾ ਇਸ ਸਮੇਂ ਤਿਹਾੜ ਜੇਲ ਵਿਚ ਬੰਦ ਹੈ।