ਪੰਜਾਬ 'ਚ ਵੀ ਮੰਡਰਾ ਰਹੇ ਨੇ ਬਿਜਲੀ ਸੰਕਟ ਦੇ ਬੱਦਲ, 2-3 ਦਿਨ ਦੇ ਕੋਲੇ ਦਾ ਸਟਾਕ ਬਚਿਆ
ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ ਹੈ।
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਦੇਸ਼ ਵਿਚ ਕੋਲੇ ਦੀ ਪੈਦਾ ਹੋਈ ਕਮੀ ਕਾਰਨ ਹੋਰ ਕਈ ਰਾਜਾਂ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਬਿਜਲੀ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਪਾਵਰਕਾਮ ਦੇ ਉਚ ਅਧਿਕਾਰੀਆਂ ਨੇ ਵੀ ਮੰਨਿਆ ਹੈ ਕਿ ਦੋ ਤਿੰਨ ਦਿਨ ਦਾ ਕੋਲਾ ਹੀ ਬਚਿਆ ਹੈ ਅਤੇ ਕੋਇਲੇ ਦੀ ਜਲਦੀ ਸਪਲਾਈ ਨਾ ਹੋਈ ਤਾਂ ਸੰਕਟ ਪੈਦਾ ਹੋ ਸਕਦਾ ਹੈ। ਇਸੇ ਦੌਰਾਨ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ ਹੈ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਤੇ ਕੇਂਦਰੀ ਬਿਜਲੀ ਮੰਤਰਾਲੇ ਤੋਂ ਮਦਦ ਮੰਗੀ ਹੈ।
ਕੋਲੇ ਦੀ ਕਮੀ ਕਾਰਨ ਸ਼ਾਮ ਵੇਲੇ ਫ਼ਿਲਹਾਲ ਪਾਵਰਕਾਮ ਨੇ ਅੱਧੇ ਤੋਂ ਇਕ ਘੰਟੇ ਤਕ ਦੇ ਕੱਟ ਲਾਉਣੇ ਵੀ ਸ਼ੁਰੂ ਕਰ ਦਿਤੇ ਹਨ। ਸਰਕਾਰੀ ਤੇ ਪ੍ਰਾਈਵੇਟ ਦੋਹਾਂ ਹੀ ਥਰਮਲਾਂ ਪਲਾਟਾਂ ਵਿਚ ਸਥਿਤੀ ਇਕੋ ਜਿਹੀ ਹੈ। ਦੋ ਤਿੰਨ ਦਿਨ ਦੇ ਕੋਇਲੇ ਦੀ ਸਪਲਾਈ ਹੋਰ ਆਉਣ ਦੀ ਉਮੀਦ ਹੈ ਅਤੇ ਇਸ ਤਰ੍ਹਾਂ ਇਕ ਹਫ਼ਤੇ ਤਕ ਸੰਕਟ ਟਲ ਸਕਦਾ ਹੈ। ਪਾਵਰਕਾਮ ਅਧਿਕਾਰੀਆਂ ਨੇ ਸੰਕਟ ਦੀ ਸਥਿਤੀ ਪੈਦਾ ਹੋਣ ਦੇ ਮੱਦੇਨਜ਼ਰ ਬਲਦਵੇਂ ਪ੍ਰਬੰਧ ਕਰਨੇ ਵੀ ਸ਼ੁਰੂ ਕਰ ਦਿਤੇ ਹਨ। ਬਾਹਰੋਂ ਬਿਜਲੀ ਖ਼ਰੀਦਣ ਤੇ ਕੇਂਦਰੀ ਪੂਲ ਵਿਚੋਂ ਸਹਾਇਤਾ ਲੈਣ ਦੀਆਂ ਕੋਸ਼ਿਸ਼ਾਂ ਵੀ ਤੇਜ਼ ਕਰ ਦਿਤੀਆਂ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਸਰਕਾਰੀ ਪਲਾਟਾਂ ਲਹਿਰਾ ਮੁਹੱਬਤ, ਰੋਪੜ ਤੇ ਪ੍ਰਾਈਵੇਟ ਤਲਵੰਡੀ ਸਾਬੋ ਪਲਾਂਟ ਵਿਚ ਕਈ ਯੂਨਿਟਾਂ ਬਿਜਲੀ ਪੈਦਾਵਾਰ ਘਟੀ ਹੈ ਭਾਵੇਂ ਕਿ ਯੂਨਿਟ ਚਾਲੂ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਗਿਆ ਕਿ ਝੋਨੇ ਦੀ ਫ਼ਸਲ ਪੱਕਣ ਤਕ ਖੇਤੀ ਸੈਕਟਰ ਨੂੰ ਲਗਾਤਾਰ ਸਪਲਾਈ ਜ਼ਰੂਰੀ ਹੈ। ਉਨ੍ਹਾਂ ਬਿਜਲੀ ਸਮਝੌਤਿਆਂ ਮੁਤਾਬਕ ਕੋਲੇ ਦੀ ਸਪਲਾਈ ਨਾ ਮਿਲਣ ਕਾਰਨ ਕੇਂਦਰ ਕੋਲ ਰੋਸ ਵੀ ਪ੍ਰਗਟ ਕੀਤਾ ਹੈ।
ਮਹਿੰਗੇ ਮੁਲ ਬਾਹਰੋਂ ਖ਼ਰੀਦਣੀ ਪੈ ਰਹੀ ਹੈ ਬਿਜਲੀ : ਏ.ਵੇਨੂੰ ਪ੍ਰਸਾਦ
ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ ਕਮ ਐਮ.ਡੀ. ਏ.ਵੇਨੂੰ ਪ੍ਰਸਾਦ ਨੇ ਵੀ ਬਿਜਲੀ ਸੰਕਟ ਦੀ ਸਥਿਤੀ ਪੈਦਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ 2-3 ਦਿਨ ਦਾ ਕੋਲੇ ਦਾ ਸਟਾਕ ਹੈ ਅਤੇ 2-3 ਦਿਨ ਦਾ ਹੋਰ ਸਟਾਕ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਝਾਰਖੰਡ ਤੇ ਬਿਹਾਰ ਵਰਗੇ ਦੂਰ ਦੁਰਾਡੇ ਰਾਜਾਂ ਤੋਂ ਰੇਲ ਰਾਹੀਂ ਕੋਇਲਾ ਆਉਣ ਕਾਰਨ ਵੀ ਸਮਾ ਲਗਦਾ ਹੈ।
ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਤੋਂ ਇਲਾਵਾ ਘਰੇਲੂ ਖਪਤਕਾਰਾਂ ਲਈ ਵੀ ਹਾਲੇ ਬਿਜਲੀ ਦੀ ਲੋੜ ਹੈ। ਇਸ ਸਮੇਂ 9000 ਮੈਗਾਵਾਟ ਬਿਜਲੀ ਦੀ ਲੋੜ ਹੈ। ਪਿਛਲੇ ਦਿਨੀਂ 1500 ਮੈਗਾਵਾਟ ਬਿਜਲੀ 10 ਤੋਂ 13 ਰੁਪਏ ਯੂਨਿਟ ਮਹਿੰਗੇ ਭਾਅ ਬਾਹਰੋਂ ਖ਼ਰੀਦੀ ਹੈ। ਝੋਨੇ ਦੀ ਬੀਜਾਈ ਦੇ ਸੀਜ਼ਨ ਵਿਚ ਤਾਂ 30 ਰੁਪਏ ਯੂਨਿਟ ਤਕ ਵੀ ਬਿਜਲੀ ਖ਼੍ਰੀਦਣੀ ਪਈ।