ਗੁਰੂ ਸਾਹਿਬ ਦੀ ਬੇਅਦਬੀ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੁਰਜ ਜਵਾਹਰ ਸਿੰਘ ਵਾਲਾ ਤੋਂ 13 ਅਕਤੂਬਰ ਨੂੰ ਕੱਢਿਆ ਜਾਵੇਗਾ ਰੋਸ ਮਾਰਚ
ਹਜ਼ੂਰ ਸਾਹਿਬ ਗਏ ਹੋਣ ਕਾਰਨ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਮੇਜਰ ਸਿੰਘ ਪੰਡੋਰੀ ਨੂੰ ਫੋਨ ਲਾਈਨ ਰਾਹੀਂ ਸ਼ਾਮਲ ਕੀਤਾ ਗਿਆ।
ਅੰਮ੍ਰਿਤਸਰ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ , ਬਹਿਬਲ-ਕੋਟਕਪੂਰਾ ਗੋਲੀਕਾਂਡ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੁਰਜ ਜਵਾਹਰ ਸਿੰਘ ਵਾਲਾ ਤੋਂ 13 ਅਕਤੂਬਰ ਨੂੰ ਰੋਸ ਮਾਰਚ ਕੱਢਿਆ ਜਾਵੇਗਾ। ਸੰਤ ਬਲਦੇਵ ਸਿੰਘ ਜੋਗੇਵਾਲਾ ਦੀ ਅਗਵਾਈ 'ਚ ਅੱਜ ਪੰਥਕ ਜਥੇਬੰਦੀਆਂ ਦੀ ਇੱਕ ਮੀਟੰਗ ਹੋਈ ਜਿਸ ਵਿਚ ਉਹਨਾਂ ਦੇ ਨਿਕਟਵਰਤੀ ਬਾਬਾ ਰੇਸ਼ਮ ਸਿੰਘ ਖੁਖਰਾਣਾ ਭਾਈ ਹਰਪ੍ਰੀਤ ਸਿੰਘ ਭਾਈ ਇਕਬਾਲ ਸਿੰਘ ਕੈਨੇਡਾ ਤੋਂ ਇਲਾਵਾ ਹੋਰ ਕਈ ਆਗੂ ਸ਼ਾਮਲ ਹੋਏ। ਹਜ਼ੂਰ ਸਾਹਿਬ ਗਏ ਹੋਣ ਕਾਰਨ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਮੇਜਰ ਸਿੰਘ ਪੰਡੋਰੀ ਨੂੰ ਫੋਨ ਲਾਈਨ ਰਾਹੀਂ ਸ਼ਾਮਲ ਕੀਤਾ ਗਿਆ।
ਮੀਟਿੰਗ ਦੀ ਕਾਰਵਾਈ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਬਲਦੇਵ ਸਿੰਘ ਜੋਗੇਵਾਲਾ ਅਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਕਿਹਾ ਕਿ ਇਥੇ ਇਹ ਵਿਚਾਰ ਚਰਚਾ ਹੋਈ ਕਿ ਜੋ 14 ਅਕਤੂਬਰ ਨੂੰ ਬੁਰਜ ਜਵਾਹਰ ਸਿੰਘ ਵਾਲੇ ਤੋਂ ਰੋਸ ਮਾਰਚ ਕੱਢਿਆ ਜਾਣਾ ਸੀ। ਉਸੇ ਦਿਨ ਅਕਾਲੀ ਦਲ {ਅ} ਤੇ ਹੋਰ ਜਥੇਬੰਦੀਆਂ ਵੱਲੋਂ ਵੀ ਪ੍ਰੋਗਾਮ ਰੱਖੇ ਗਏ ਹਨ ਤੇ ਅਸੀਂ ਕਿਸੇ ਵੀ ਵਾਦ-ਵਿਵਾਦ 'ਚ ਨਹੀਂ ਪੈਣਾ ਚਹੁੰਦੇ। ਇਸ ਲਈ ਅਸੀਂ ਆਪਣਾ ਪ੍ਰੋਗਾਮ ਇਕ ਦਿਨ ਪਹਿਲਾਂ ਭਾਵ 13 ਅਕਤੂਬਰ ਨੂੰ ਕਰਨ ਦਾ ਫ਼ੈਸਲਾ ਕੀਤਾ ਹੈ।
ਜਿਸ ਦਾ ਮਕਸਦ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਕੋਟਕਪੂਰਾ ਬਹਿਬਲ ਕਲਾਂ ਗੋਲੀਕਾਡ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦਿਵਾਉਣਾ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਚੁੱਕਣਾ ਹੈ। ਉਹਨਾਂ ਨੇ ਸਮੂਹ ਸੰਪਰਦਾਵਾਂ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਆਪੋ ਆਪਣੇ ਸਾਧਨਾਂ ਰਾਹੀਂ ਮਾਰਚ ਦਾ ਹਿੱਸਾ ਬਣੋ ਅਤੇ ਸਹਿਯੋਗ ਦਿਓ। ਇਹ ਕਾਰਜ ਕਿਸੇ ਇੱਕ ਜਥੇਬੰਦੀ ਦਾ ਨਹੀਂ ਇਹ ਮੁੱਦੇ ਸਮੁੱਚੀ ਕੌਮ ਦੇ ਹਨ। ਇਸ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਇਸ ਲਈ ਸਾਨੂੰ ਆਪੋ ਆਪਣੇ ਜੱਥੇਬੰਦਕ ਵਖਰੇਵਿਆਂ ਨੂੰ ਪਾਸੇ ਰੱਖ ਕੇ ਇਸ ਪੰਥਕ ਮੁੱਦੇ ਤੇ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਹੈ।