ਔਰਤ ਨੂੰ ਦੁਬਈ 'ਚ ਕੰਮ 'ਤੇ ਲਗਵਾਉਣ ਬਾਰੇ ਕਹਿ ਕੇ ਏਜੈਂਟ ਨੇ ਵੇਚ ਦਿੱਤਾ ਓਮਾਨ ਵਿਖੇ, ਜਾਣੋ ਪੂਰਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਦੋਸ਼ੀ ਮਹਿਲਾ ਨੂੰ ਜੂਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ।

Agent sold woman in Oman by telling her to work in Dubai

 

ਮਲੋਟ - ਇੱਥੋਂ ਨੇੜਲੇ ਪਿੰਡ ਬੋਦੀਵਾਲਾ ਦੀ ਇਕ ਔਰਤ ਨੂੰ ਦੁਬਈ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉਮਾਨ ਵਿਖੇ ਵੇਚਣ ਦੇ ਮਾਮਲੇ ’ਚ ਨਾਮਜ਼ਦ ਦੋਸ਼ੀਆਂ ਵਿਚੋਂ ਇਕ ਔਰਤ ਨੂੰ ਕਬਰਵਾਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਦੋਸ਼ੀ ਮਹਿਲਾ ਨੂੰ ਜੂਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ।

ਪਿੰਡ ਬੋਦੀਵਾਲਾ ਦੇ ਇੱਕ ਵਿਅਕਤੀ ਨੇ ਪੁਲਿਸ ਨੂੰ ਦਿੱਤੇ ਬਿਅਨਾਂ ਵਿਚ ਕਿਹਾ ਕਿ ਆਰਥਿਕ ਤੰਗ ਕਰਕੇ ਉਸ ਦੀ ਪਤਨੀ ਕੰਮ ਲਈ ਦੁਬਈ ਜਾਣਾ ਚਾਹੁੰਦੀ ਸੀ, ਜਿਸ ਕਰਕੇ ਉਹ ਪੱਟੀ ਸ਼ਹਿਰ ਵਿਖੇ ਏਜੈਂਟ ਰੇਸ਼ਮ ਸਿੰਘ ਵਾਸੀ ਸੁਥਾਰਪੁਰ ਅਤੇ ਉਸ ਦੀ ਸਹਾਇਕ ਮਹਿਲਾ ਕਮਲਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਸਿੰਗਲ ਬਸਤੀ ਪੱਟੀ ਦੇ ਸੰਪਰਕ ਵਿਚ ਆਈ।

16 ਸਤੰਬਰ 2022 ਨੂੰ ਔਰਤ ਨੇ ਅੰਮ੍ਰਿਤਸਰ ਤੋਂ ਦੁਬਈ ਦੀ ਫ਼ਲਾਈਟ ਲਈ, ਪਰ ਅਗਲੇ ਦਿਨ ਸ਼ਿਕਾਇਤਕਰਤਾ ਨੂੰ ਉਸ ਦੀ ਪਤਨੀ ਦਾ ਫ਼ੋਨ ਆਇਆ ਕਿ ਉਸ ਨੂੰ ਦੁਬਈ 'ਚ ਕੰਮ ਦਿਵਾਉਣ ਦੀ ਥਾਂ ਉਮਾਨ ਦੇਸ਼ ਦੇ ਇੱਕ ਪਿੰਡ ਵਿਚ ਵੇਚ ਦਿੱਤਾ ਹੈ, ਜਿੱਥੇ ਉਸ ਦਾ ਸ਼ੋਸ਼ਣ ਹੋ ਰਿਹਾ ਹੈ।

ਕਾਰਵਾਈ ਕਰਦੇ ਹੋਏ ਕਬਰਵਾਲਾ ਪੁਲਿਸ ਨੇ ਏਜੈਂਟ ਰੇਸ਼ਮ ਸਿੰਘ ਅਤੇ ਕਮਲਜੀਤ ਕੌਰ ਵਿਰੁੱਧ ਮੁਕਦਮਾਂ ਦਰਜ ਕਰਕੇ ਕਮਲਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਅਦਾਲਤ ਵਿੱਚ ਪੇਸ਼ ਕੀਤਾ। ਕਮਲਜੀਤ ਕੌਰ ਦਾ ਰਿਮਾਂਡ ਖ਼ਤਮ ਹੋਣ ’ਤੇ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਜੂਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਮਾਮਲੇ ਦਾ ਮੁੱਖ ਮੁਲਜ਼ਮ ਏਜੈਂਟ ਰੇਸ਼ਮ ਸਿੰਘ ਫ਼ਿਲਹਾਲ ਫ਼ਰਾਰ ਹੈ ਅਤੇ ਪੁਲਿਸ ਵੱਲੋਂ ਉਸ ਦੀ ਭਾਲ਼ ਕੀਤੀ ਜਾ ਰਹੀ ਹੈ।