ਖੇਤੀਬਾੜੀ ਮੰਤਰੀ ਨੇ ਜਥੇਦਾਰ ਨਾਲ ਕੀਤੀ ਮੁਲਾਕਾਤ, ਪਰਾਲੀ ਨਾ ਸਾੜਨ ਲਈ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਦੀ ਕੀਤੀ ਅਪੀਲ 

ਏਜੰਸੀ

ਖ਼ਬਰਾਂ, ਪੰਜਾਬ

ਪਰਾਲੀ ਨੂੰ ਅਗਨ ਭੇਂਟ ਕਰਕੇ ਪੈਲੀ ਵਿਹਲੀ ਕਰਨ ਦੀ ਕੁਰੀਤੀ ਸਾਡੇ ਪੰਜਾਬੀ ਕਿਸਾਨਾਂ ਦੇ ਮਨਾਂ ਵਿਚ ਘਰ ਕਰ ਗਈ ਹੈ।

Agriculture Minister met with Jathedar Giani Harpreet Singh

 

ਅੰਮ੍ਰਿਤਸਰ -  ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਪਰਾਲੀ ਸਾੜਨ ਦੇ ਮੁੱਦੇ 'ਤੇ ਗੱਲਬਾਤ ਕੀਤੀ ਅਤੇ ਕੌਮ ਨੂੰ ਸੁਨੇਹਾ ਦਿੰਦਿਆਂ ਪਰਾਲੀ ਦਾ ਮੁੱਦਾ ਉਠਾਉਣ ਦੀ ਅਪੀਲ ਕੀਤੀ। 

ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਤੇ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਅਪੀਲ ਕਰਨ। 
ਕੁਲਦੀਪ ਧਾਲੀਵਾਲ ਨੇ ਜਥੇਦਾਰ ਨੂੰ ਸੌਂਪੇ ਪੱਤਰ ਵਿਚ ਲਿਖਿਆ ਕਿ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈ ਕਿ ਪੌਣ ਸਾਡੇ ਲਈ ਗੁਰੂ ਸਮਾਨ ਹੈ, ਪਾਣੀ ਬਾਬਲ ਵਾਂਗ ਹੈ, ਧਰਤੀ ਮਾਂ ਹੈ। ਦਿਨ ਤੇ ਰਾਤ ਸਾਨੂੰ ਦੁਲਾਰਦੇ ਪਿਆਰਦੇ ਤੇ ਖਿਡਾਵੇ ਬਣ ਕੇ ਜਗਤ ਵਿਖਾਉਂਦੇ ਹਨ।

ਦੁੱਖ ਵਾਲੀ ਗੱਲ ਇਹ ਹੈ ਕਿ ਅੱਜ ਸਮਾਜ ਦਾ ਹਰ ਵਿਅਕਤੀ ਵਾਤਾਵਰਣ ਦੀ ਅਹਿਮੀਅਤ ਸਮਝੇ ਬਗੈਰ ਇਸ ਦਾ ਘਾਣ ਕਰਕੇ ਆਪਣੀ ਅੰਸ-ਬੰਸ ਦਾ ਘਾਣ ਕਰ ਰਿਹਾ ਹੈ। ਇਸ ਮੌਸਮ ਵਿਚ ਝੋਨੇ ਪੱਕ ਗਏ ਹਨ ਅਤੇ ਕੰਬਾਈਨ ਹਾਰਵੈਸਰ ਨਾਲ ਵਾਢੀ ਹੋਣ ਕਾਰਨ ਪਰਾਲੀ ਖੇਤਾਂ ਵਿਚ ਹੈ। ਪਰਾਲੀ ਨੂੰ ਅਗਨ ਭੇਂਟ ਕਰਕੇ ਪੈਲੀ ਵਿਹਲੀ ਕਰਨ ਦੀ ਕੁਰੀਤੀ ਸਾਡੇ ਪੰਜਾਬੀ ਕਿਸਾਨਾਂ ਦੇ ਮਨਾਂ ਵਿਚ ਘਰ ਕਰ ਗਈ ਹੈ।

ਅੱਗ ਲਾਉਣ ਕਾਰਨ ਜਿੱਥੇ ਜੈਵਿਕ ਮਾਦਾ ਸਵਾਹ ਹੋ ਕੇ ਵਿਅਰਥ ਜਾਂਦਾ ਹੈ ਓਥੇ ਕੌੜੇ ਧੂੰਏਂ ਕਾਰਨ ਵਾਤਾਵਰਣ ਵੀ ਗੰਧਲਾ ਤੇ ਪਲੀਤ ਹੋ ਜਾਂਦਾ ਹੈ। ਸਾਹ ਰੋਗਾਂ ਤੋਂ ਇਲਾਵਾ ਇਹ ਗਲਘੋਟੂ ਧੂੰਆਂ ਮਨੁੱਖੀ ਸਿਹਤ ਅਤੇ ਪਸ਼ੂ ਧਨ ਲਈ ਵੀ ਮਾਰੂ ਸਾਬਤ ਹੋ ਰਿਹਾ ਹੈ। ਇਹ ਕੁਰੀਤੀ ਕਰਨ ਵਾਲੇ ਵੀਰ ਨਹੀਂ ਜਾਣਦੇ ਕਿ ਇਸ ਪਰਾਲੀ ਨੂੰ ਜ਼ਮੀਨ ਵਿਚ ਜਜ਼ਬ ਕਰਕੇ ਕਿੰਨੇ ਕੀਮਤੀ ਤੱਤ ਹਾਸਲ ਕੀਤੇ ਜਾ ਸਕਦੇ ਹਨ। ਇਸ ਕੰਮ ਲਈ ਮਸ਼ੀਨਰੀ ਵੀ ਸਬਸਿਡੀ ਤੇ ਮਿਲ ਰਹੀ ਹੈ।

ਤੁਹਾਡੇ ਸਨਮੁੱਖ ਸਾਡੀ ਇਹੀ ਜੋਦੜੀ ਹੈ ਕਿ ਆਪਣੇ ਸੰਦੇਸ਼ ਰਾਹੀਂ ਪੂਰੇ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਗੁਰੂ ਨਾਨਕ ਨਾਮ ਲੇਵਾ ਕਿਸਾਨ ਵੀਰਾਂ ਨੂੰ ਪ੍ਰੇਰਨਾ ਦਿਉ ਕਿ ਉਹ ਗੁਰੂ ਉਪਦੇਸ਼ ਦੇ ਉਲਟ ਜਾ ਕੇ ਪਰਾਲੀ ਨੂੰ ਅੱਗ ਨਾ ਲਾਉਣ, ਸਰਬੱਤ ਦਾ ਭਲਾ ਏਸੇ ਵਿੱਚ ਹੈ ਕਿ ਅਸੀਂ ਸਭ ਮਾਈ ਭਾਈ ਆਪ ਦੀ ਅਗਵਾਈ ਹੇਠ ਪੌਣ ਪਾਣੀ ਤੇ ਧਰਤੀ ਦਾ ਵਾਤਾਵਰਣ ਸੰਭਾਲੀਏ ਅਤੇ ਆਉਣ ਵਾਲੀਆਂ ਪੁਸ਼ਤਾਂ ਨੂੰ ਸਵੱਛ ਵਾਤਾਵਰਣ ਸੌਂਪ ਸਕੀਏ।