ਦੇਰ ਰਾਤ ਹੋਈ ਬਾਰਸ਼ ਕਾਰਨ ਤਾਪਮਾਨ ਵਿਚ 3.3 ਡਿਗਰੀ ਗਿਰਾਵਟ; ਮੌਸਮ ਵਿਭਾਗ ਵਲੋਂ ਕੀਤੀ ਗਈ ਇਹ ਭਵਿੱਖਬਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਨਿਚਰਵਾਰ ਤੋਂ ਪੱਛਮੀ ਗੜਬੜੀ ਇਕ ਵਾਰ ਫਿਰ ਅਪਣਾ ਅਸਰ ਦਿਖਾਉਣ ਜਾ ਰਹੀ ਹੈ

Image: For representation purpose only.



ਚੰਡੀਗੜ੍ਹ: ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਹੋਈ ਬਾਰਸ਼ ਕਾਰਨ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦਾ ਘੱਟੋ-ਘੱਟ ਤਾਪਮਾਨ ਔਸਤਨ 3.3 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਅਗਲੇ ਚਾਰ ਦਿਨਾਂ ਤਕ ਮੌਸਮ ਸਾਫ਼ ਰਹਿਣ ਅਤੇ ਤਾਪਮਾਨ ਆਮ ਵਾਂਗ ਰਹਿਣ ਦਾ ਉਮੀਦ ਹੈ ਪਰ ਸ਼ਨਿਚਰਵਾਰ ਤੋਂ ਪੱਛਮੀ ਗੜਬੜੀ ਇਕ ਵਾਰ ਫਿਰ ਅਪਣਾ ਅਸਰ ਦਿਖਾਉਣ ਜਾ ਰਹੀ ਹੈ।

ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਜ਼ਿਆਦਾਤਰ ਸ਼ਹਿਰਾਂ ਵਿਚ ਮੀਂਹ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਦੌਰਾਨ, ਪਟਿਆਲਾ ਵਿਚ 23.3mm, ਅੰਮ੍ਰਿਤਸਰ ਵਿਚ 17.6mm, ਫਤਿਹਗੜ੍ਹ ਸਾਹਿਬ ਵਿਚ 19mm, ਗੁਰਦਾਸਪੁਰ ਵਿਚ 12.5mm, ਜਲੰਧਰ ਵਿਚ 16.5mm ਮੀਂਹ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿਚ ਸੱਭ ਤੋਂ ਘੱਟ ਤਾਪਮਾਨ 18.3 ਡਿਗਰੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੰਗਲਵਾਰ ਸਵੇਰੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 20 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਨਿਚਰਵਾਰ ਤੋਂ ਮੌਸਮ 'ਚ ਫਿਰ ਤੋਂ ਬਦਲਾਅ ਦੇਖਣ ਨੂੰ ਮਿਲੇਗਾ। ਇਹ ਬਦਲਾਅ ਪੱਛਮੀ ਗੜਬੜੀ ਕਾਰਨ ਆਉਣ ਵਾਲਾ ਹੈ। ਸ਼ਨਿਚਰਵਾਰ, ਐਤਵਾਰ ਅਤੇ ਸੋਮਵਾਰ ਤਿੰਨੋਂ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਕਾਰਨ ਤਾਪਮਾਨ ਵਿਚ ਵੀ ਗਿਰਾਵਟ ਆਵੇਗੀ। ਸ਼ਨਿਚਰਵਾਰ ਤੋਂ ਬਾਅਦ ਤਾਪਮਾਨ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੇਗੀ।