ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਪ੍ਰੈਸ ਰਿਪੋਰਟਰ ਅਨਿਲ ਵਿੱਜ ਗ੍ਰਿਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਰਿੰਦਰ ਅਰੋੜਾ ਦੀ ਵਾਹੀਯੋਗ ਜ਼ਮੀਨ ’ਤੇ ਬਣੇ ਪੱਕੇ ਰਾਹ ਨੂੰ ਨਾ ਢਾਹੁਣ ਬਦਲੇ ਮੰਗੀ ਸੀ ਤਿੰਨ ਲੱਖ ਰੁਪਏ ਦੀ ਰਿਸ਼ਵਤ

Press reporter arrested for taking bribe of one lakh rupees

ਚੰਡੀਗੜ੍ਹ - ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਇੱਕ ਅਖਬਾਰ ਦੇ ਰਿਪੋਰਟਰ ਅਨਿਲ ਵਿੱਜ ਨੂੰ 1,00,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਪੱਤਰਕਾਰ ਨੂੰ ਰਿਸ਼ੀ ਬਾਲਮੀਕ ਨਗਰ, ਲੁਧਿਆਣਾ ਦੇ ਰਹਿਣ ਵਾਲੇ ਸੁਰਿੰਦਰ ਅਰੋੜਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਕਤ ਪੱਤਰਕਾਰ ਉਸ ਦੇ ਮਕਾਨ ਨੂੰ ਜਾਣ ਵਾਲੇ ਪੱਕਾ ਰਸਤੇ, ਜੋ ਉਕਤ ਪੱਤਰਕਾਰ ਦੀ ਵਾਹੀਯੋਗ ਜ਼ਮੀਨ ‘ਚੋਂ ਲੰਘਦਾ ਹੈ, ਨੂੰ ਨਾ ਢਾਹੁਣ ਦੇ ਬਦਲੇ ਉਸ ਤੋਂ ਤਿੰਨ ਲੱਖ ਰੁਪਏ ਰਿਸ਼ਵਤ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਮੁਲਜ਼ਮ ਰਿਪੋਰਟਰ ਨੇ ਇੱਕ-ਇੱਕ ਲੱਖ ਰੁਪਏ ਐਸ.ਡੀ.ਓ ਗਲਾਡਾ ਅਤੇ ਜੂਨੀਅਰ ਇੰਜੀਨੀਅਰ ਗਲਾਡਾ ਲਈ ਅਤੇ ਇੱਕ ਲੱਖ ਰੁਪਏ ਆਪਣੇ ਲਈ ਮੰਗੇ ਹਨ ਅਤੇ ਉਸ ਨੂੰ ਇਹ ਕਿਹਾ ਗਿਆ ਹੈ ਕਿ ਜੇ ਉਹ ਪੈਸੇ ਨਹੀਂ ਦਿੰਦਾ ਤਾਂ ਇਹ ਪੱਕਾ ਰਸਤਾ ਢਾਹ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਕੇ ਜਾਲ ਵਿਛਾਇਆ ਅਤੇ ਉਕਤ ਰਿਪੋਰਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਕਾਬੂ ਕਰ ਲਿਆ। ਇਸ ਸਬੰਧੀ ਰਿਪੋਰਟਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਦੀ ਅਗਲੇਰੀ ਜਾਂਚ ਜਾਰੀ ਹੈ।