Amritsar News : ਅੰਮ੍ਰਿਤਸਰ ’ਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ
8 ਪਿਸਤੌਲ, 17 ਕਾਰਤੂਸ ਅਤੇ 4 ਮੈਗਜ਼ੀਨ ਬਰਾਮਦ
Amritsar News : ਪੁਲਿਸ ਨੇ ਅੰਮਿ੍ਰਤਸਰ ਤੋਂ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਵਿਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਅੱਠ ਪਿਸਤੌਲ, 17 ਕਾਰਤੂਸ ਅਤੇ ਚਾਰ ਮੈਗਜ਼ੀਨ ਬਰਾਮਦ ਹੋਏ ਹਨ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕਰ ਕੇ ਇਹ ਜਾਣਕਾਰੀ ਦਿਤੀ ਹੈ। ਉਨ੍ਹਾਂ ਦਸਿਆ ਕਿ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ। ਅੰਮਿ੍ਰਤਸਰ ਦਿਹਾਤੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫੜੇ ਗਏ ਮੁਲਜ਼ਮ ਇਕ ਵੱਡੇ ਅਪਰਾਧੀ ਗਰੋਹ ਨੂੰ ਸਾਜ਼ੋ-ਸਾਮਾਨ ਮੁਹਈਆ ਕਰਵਾਉਂਦੇ ਸਨ। ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਨੇ ਹੁਣ ਤਕ ਕਿਹੜੇ ਗੈਂਗ ਨੂੰ ਹਥਿਆਰ ਮੁਹਈਆ ਕਰਵਾਏ ਹਨ।
ਇਸ ਨਾਲ ਹੀ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਦਾ ਸਰਹੱਦ ਪਾਰ ਬੈਠੇ ਸਮੱਗਲਰਾਂ ਨਾਲ ਕੋਈ ਸਬੰਧ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਵੀ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਫੜੇ ਜਾ ਚੁੱਕੇ ਹਨ।
ਇਸ ਨਾਲ ਹੀ ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਵਿਚ ਇਹ ਹਥਿਆਰ ਬਣਾਏ ਜਾਣ ਵਾਲੇ ਟਿਕਾਣਿਆਂ ’ਤੇ ਵੀ ਛਾਪੇਮਾਰੀ ਕੀਤੀ ਸੀ। ਕੁੱਝ ਲੋਕ ਫੜੇ ਵੀ ਗਏ। ਪੁਲਿਸ ਜਾਂਚ ਵਿਚ ਇਹ ਗੱਲ ਸਾਫ਼ ਹੋ ਗਈ ਕਿ ਗਿਰੋਹ ਪੂਰੀ ਤਰ੍ਹਾਂ ਕੰਪਨੀਆਂ ਦੀ ਤਰਜ਼ ’ਤੇ ਚੱਲ ਰਹੇ ਹਨ।