Barnala News : ਓਮਾਨ ਦੇਸ਼ 'ਚ ਫਸੀ ਬਰਨਾਲਾ ਦੀ ਲੜਕੀ, ਕੀਤਾ ਜਾ ਰਿਹੈ ਤਸ਼ੱਦਦ , ਮਹਿਲਾ ਨੇ ਨਾਲ ਲਿਜਾ ਕੇ ਵਿਦੇਸ਼ 'ਚ ਵੇਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਂ ਨੂੰ ਭੇਜੀ ਵੀਡੀਓ ਰਿਕਾਰਡਿੰਗ

Barnala girl trapped in Oman

Barnala News : ਬਰਨਾਲਾ ਦੀ ਇੱਕ ਕੁੜੀ ਓਮਾਨ ਦੇਸ਼ ਵਿੱਚ ਫਸ ਗਈ ਹੈ। ਜਿੱਥੇ ਉਸ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਓਮਾਨ 'ਚ ਫਸੀ ਉਸਦੀ ਬੇਟੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸ ਦੀ ਬੇਟੀ ਮਦਦ ਦੀ ਗੁਹਾਰ ਲਗਾ ਰਹੀ ਹੈ।

ਲੜਕੀ ਦੀ ਮਾਂ ਸੁੱਖੀ ਵਾਸੀ ਬਰਨਾਲਾ ਨੇ ਦੱਸਿਆ ਕਿ ਉਸ ਦੀ ਬੇਟੀ ਗੀਤਾ 6 ਮਹੀਨੇ ਪਹਿਲਾਂ ਓਮਾਨ ਗਈ ਸੀ। ਉਸਦਾ ਆਪਣੇ ਪਤੀ ਤੋਂ ਤਲਾਕ ਹੋ ਚੁੱਕਿਆ ਹੈ ਅਤੇ ਉਸਦਾ ਇੱਕ ਬੇਟਾ ਵੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਤੋਂ ਬਾਅਦ ਉਨ੍ਹਾਂ ਦੀ ਬੇਟੀ ਕਾਫੀ ਮੁਸ਼ਕਿਲ 'ਚ ਹੈ।

ਬੇਟੀ ਗੀਤਾ ਵੱਲੋਂ ਵਿਦੇਸ਼ ਤੋਂ ਰਿਕਾਰਡਿੰਗ ਭੇਜੀ ਜਾ ਰਹੀ ਹੈ ਅਤੇ ਉਹ ਲਗਾਤਾਰ ਬਚਾਉਣ ਦੀ ਗੁਹਾਰ ਲਗਾ ਰਹੀ ਹੈ। ਲੜਕੀ ਦੀ ਮਾਂ ਸੁੱਖੀ ਨੇ ਦੱਸਿਆ ਕਿ ਪਿਛਲੀ ਗੱਲਬਾਤ ਨੂੰ ਕਰੀਬ ਇੱਕ ਹਫ਼ਤਾ ਹੋ ਗਿਆ ਹੈ। ਉਸ ਦੀ ਬੇਟੀ ਨੇ ਆਪਣੇ ਨਾਲ ਹੋਈ ਕੁੱਟਮਾਰ ਬਾਰੇ ਵੀ ਦੱਸਿਆ ਸੀ।

ਪੰਜਾਬ ਅਤੇ ਕੇਂਦਰ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ 

ਪਿਛਲੇ ਇੱਕ ਹਫ਼ਤੇ ਤੋਂ ਬੇਟੀ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਹੈ। ਸੁੱਖੀ ਨੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਮੀਤ ਹੇਅਰ, ਬਰਨਾਲਾ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨੂੰ ਆਪਣੀ ਬੇਟੀ ਨੂੰ ਬਚਾਉਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦੱਸਿਆ ਕਿ ਉਹ ਚਾਹ ਦੀ ਰੇਹੜੀ ਚਲਾ ਕੇ ਆਪਣਾ ਗੁਜ਼ਾਰਾ ਕਰਦੀ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਉਸਦੀ ਭਾਬੀ ਓਮਾਨ ਲੈ ਗਈ ਸੀ। ਹੁਣ ਉਹ ਉਸਦੀ ਬੇਟੀ ਨੂੰ ਭਾਰਤ ਵਾਪਸ ਭੇਜਣ ਲਈ 3 ਲੱਖ ਰੁਪਏ ਮੰਗ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਬੇਟੀ ਨੂੰ ਭੇਜਣ ਲਈ 70 ਹਜ਼ਾਰ ਰੁਪਏ ਅਤੇ ਏਅਰਪੋਰਟ 'ਤੇ 15 ਹਜ਼ਾਰ ਰੁਪਏ ਦਿੱਤੇ ਸਨ। ਇਹ ਸਾਰਾ ਪੈਸਾ ਉਸ ਨੇ ਕਰਜ਼ਾ ਲੈ ਕੇ ਇਕੱਠਾ ਕੀਤਾ ਸੀ।

ਓਥੇ ਹੀ ਪੀੜਤ ਲੜਕੀ ਨੇ ਪਰਿਵਾਰ ਨੂੰ ਜੋ ਰਿਕਾਰਡਿੰਗ ਭੇਜੀ ਹੈ , ਉਸ 'ਚ ਉਹ ਆਪਣੀ ਮਾਂ ਨੂੰ ਦੱਸ ਰਹੀ ਹੈ ਕਿ ਉਹ ਬਹੁਤ ਪਰੇਸ਼ਾਨ ਹੈ। ਜੋ ਮਹਿਲਾ ਉਸਨੂੰ ਓਮਾਨ ਲੈ ਕੇ ਗਈ ਸੀ ,ਉਸ ਨੇ ਉਸਨੂੰ ਵੇਚ ਦਿੱਤਾ ਹੈ ਅਤੇ ਉਸ ਤੋਂ ਜ਼ਿਆਦਾ ਕੰਮ ਕਰਵਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਇਸ ਕੁੱਟਮਾਰ ਕਾਰਨ ਉਹ ਮਰ ਜਾਵੇਗੀ।