Ludhiana News : ਵਿਆਹ 'ਚ ਜਾਣ ਤੋਂ ਮਨ੍ਹਾ ਕਰਨ 'ਤੇ ਗੁੱਸੇ 'ਚ ਆਏ ਪਤੀ ਨੇ ਬੈਲਟ ਨਾਲ ਕੁੱਟ-ਕੁੱਟ ਕੇ ਕੀਤਾ ਪਤਨੀ ਦਾ ਕਤਲ
12 ਸਾਲ ਪਹਿਲਾਂ ਹੋਇਆ ਸੀ ਵਿਆਹ
Ludhiana News : ਲੁਧਿਆਣਾ 'ਚ ਪਤਨੀ ਵੱਲੋਂ ਵਿਆਹ 'ਚ ਜਾਣ ਤੋਂ ਮਨ੍ਹਾ ਕਰਨ 'ਤੇ ਗੁੱਸੇ 'ਚ ਆਏ ਪਤੀ ਨੇ ਪਤਨੀ ਨੂੰ ਬੈਲਟ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਜਦੋਂ ਲੜਕੀ ਦੇ ਪਰਿਵਾਰ ਵਾਲੇ ਵਿਆਹੁਤਾ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਦਾ ਘਿਰਾਓ ਕੀਤਾ। ਓਥੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਵਿਆਹੁਤਾ ਰੀਨਾ ਦੇ ਭਰਾ ਰਾਜਕੁਮਾਰ ਨੇ ਦੱਸਿਆ ਕਿ ਉਹ ਤਾਜਪੁਰ ਰੋਡ 'ਤੇ ਰਹਿੰਦੇ ਹਨ। 12 ਸਾਲ ਪਹਿਲਾਂ ਉਸ ਦੀ ਭੈਣ ਰੀਨਾ ਦਾ ਵਿਆਹ ਤਾਜਪੁਰ ਰੋਡ ਦੇ ਹੀ ਰਹਿਣ ਵਾਲੇ ਗਗਨਦੀਪ ਚੋਪੜਾ ਨਾਲ ਹੋਇਆ ਸੀ। ਵਿਆਹ ਦੇ ਦੋ ਸਾਲ ਬਾਅਦ ਹੀ ਉਸ ਦੇ ਸਹੁਰਿਆਂ ਨੇ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਆਰੋਪੀ ਗਗਨਦੀਪ ਅਕਸਰ ਹੀ ਉਸਦੀ ਭੈਣ ਦੀ ਕੁੱਟਮਾਰ ਕਰਦਾ ਸੀ।
ਬੀਤੀ ਰਾਤ ਜਦੋਂ ਗਗਨਦੀਪ ਨੇ ਆਪਣੀ ਪਤਨੀ ਰੀਨਾ ਨੂੰ ਬੱਚਿਆਂ ਸਮੇਤ ਵਿਆਹ ਸਮਾਗਮ ਵਿੱਚ ਜਾਣ ਲਈ ਕਿਹਾ ਤਾਂ ਰੀਨਾ ਨੇ ਵਿਆਹ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਰੀਨਾ ਨੇ ਕਿਹਾ ਸੀ ਕਿ ਉਹ ਨਵਰਾਤਰੀ ਦੇ ਵਰਤ ਰੱਖ ਰਹੀ ਹੈ, ਜਿਸ ਕਾਰਨ ਉਹ ਵਿਆਹ ਵਿੱਚ ਨਹੀਂ ਜਾ ਸਕਦੀ। ਵਾਰ-ਵਾਰ ਇਨਕਾਰ ਕਰਨ 'ਤੇ ਗਗਨਦੀਪ ਗੁੱਸੇ 'ਚ ਆ ਗਿਆ।
ਮ੍ਰਿਤਕ ਰੀਨਾ ਦੇ ਭਰਾ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਉਸ ਦੇ ਪਤੀ ਨੇ ਬੈਲਟ ਨਾਲ ਕੁੱਟ -ਕੁੱਟ ਕੇ ਮਾਰ ਦਿੱਤਾ। ਉਸ ਨੂੰ ਗੁਆਂਢੀਆਂ ਨੇ ਦੱਸਿਆ ਕਿ ਗਗਨਦੀਪ ਵੱਲੋਂ ਉਸ ਦੀ ਭੈਣ ਨੂੰ ਕੁੱਟਿਆ ਜਾ ਰਿਹਾ ਹੈ। ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਉਸਦੀ ਭੈਣ ਖੂਨ ਨਾਲ ਲੱਥਪੱਥ ਪਈ ਸੀ ਅਤੇ ਗਗਨਦੀਪ ਫਰਾਰ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਕਾਰਵਾਈ ਦੀ ਕੀਤੀ ਮੰਗ
ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਵੀਰਵਾਰ ਨੂੰ ਥਾਣਾ ਡਿਵੀਜ਼ਨ ਨੰਬਰ 7 ਦਾ ਘਿਰਾਓ ਕੀਤਾ ਅਤੇ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਵੀ ਲਿਖਤੀ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।