ਪੁਰਾਣੀ ਰੰਜਿਸ਼ ਕਾਰਨ ਸਕੂਲ ਟੀਚਰ ’ਤੇ ਕਲਾਸ ਲਗਾਉਂਦੇ ਸਮੇਂ ਕੀਤੀ ਫਾਇਰਿੰਗ
ਟੀਚਰ ਨੇ ਭੱਜ ਕੇ ਬਚਾਈ ਜਾਨ, ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ
ਫਰੀਦਕੋਟ: ਫਰੀਦਕੋਟ ਤੋਂ ਥੋੜੀ ਦੂਰ ਸਰਕਾਰੀ ਮਿਡਲ ਸਕੂਲ ਜੰਡਵਾਲਾ ਸੰਧੂਆਂ ਵਿਖੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਇੱਕ ਅਧਿਆਪਕ 'ਤੇ ਗੋਲੀਆਂ ਚਲਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੌਰਾਨ ਅਧਿਆਪਕ ਨੇ ਭੱਜ ਕੇ ਆਪਣੀ ਜਾਨ ਬਚਾਈ। ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਕੂਲ ਵਿੱਚ ਸਾਇੰਸ ਟੀਚਰ ਮਨਦੀਪ ਸਿੰਘ ਬੱਤਰਾ ਹਾਜ਼ਰ ਸੀ। ਇੰਨੇ ਨੂੰ ਇੱਕ ਮਰਦ ਤੇ ਇੱਕ ਔਰਤ ਆਏ ਤੇ ਉਨ੍ਹਾਂ ਅਮਨਦੀਪ ਸਿੰਘ ਦੇ ਪੈਰਾਂ ਵੱਲ ਦੋ ਫਾਇਰ ਕੀਤੇ, ਪਰ ਉਹ ਬੱਤਰਾ ਕੋਲ ਖੜ੍ਹੀ ਕਾਰ ਦੇ ਓਹਲੇ ਹੋ ਗਿਆ। ਗੋਲੀ ਚੱਲਣ ਦੀ ਅਵਾਜ਼ ਸੁਣ ਕੇ ਬੱਚਿਆਂ ਵਿੱਚ ਚੀਕ ਚਿਹਾੜਾ ਪੈ ਗਿਆ। ਦੂਜੇ ਅਧਿਆਪਕ ਤੇ ਮਿੱਡ ਡੇ ਮੀਲ ਵਰਕਰ ਅਤੇ ਪਿੰਡ ਵਾਸੀ ਵੀ ਮੌਕੇ 'ਤੇ ਪੁੱਜੇ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮੌਕੇ ’ਤੇ ਪੁੱਜ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ।
ਇਸ ਮੌੱਕੇ ਜਾਣਕਾਰੀ ਦਿੰਦੇ ਹੋਏ ਟੀਚਰ ਮਨਦੀਪ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ, ਜਿਸ ਨਾਲ ਉਸ ਦਾ ਪੁਰਾਣਾ ਮਸਲਾ ਚੱਲ ਰਿਹਾ ਹੈ, ਉਹ ਆਪਣੀ ਪਤਨੀ ਨਾਲ ਆਇਆ। ਉਸ ਨੇ ਸਕੂਲ ਅੰਦਰ ਹੀ ਉਸ ਵੱਲ ਦੋ ਫ਼ਾਇਰ ਕੀਤੇ। ਜਿਸ ਤੋਂ ਉਸ ਨੇ ਭੱਜ ਕੇ ਜਾਨ ਬਚਾਈ। ਬਾਅਦ ’ਚ ਉਕਤ ਮੁਲਜ਼ਮ ਵੱਲੋਂ ਉਸ ਵੱਲ ਕੁਰਸੀ ਮਾਰੀ ਅਤੇ ਬਾਅਦ ’ਚ ਸਕੂਲ ਤੋਂ ਨਿਕਲ ਗਿਆ।
ਉੱਧਰ ਥਾਣਾ ਸਾਦਿਕ ਦੇ ਥਾਣਾ ਮੁਖੀ ਨਵਦੀਪ ਭੱਟੀ ਨੇ ਕਿਹਾ ਕਿ ਦੋਵੇਂ ਧਿਰਾਂ ’ਚ ਪੁਰਾਣੀ ਰੰਜਿਸ਼ ਚਲ ਰਹੀ ਹੈ। ਜਿਸ ਕਾਰਨ ਹਰਪ੍ਰੀਤ ਸਿੰਘ ਵੱਲੋਂ ਅਧਿਅਪਕ ਮਨਦੀਪ ਸਿੰਘ ਤੇ ਗੋਲੀ ਚਲਾਈ। ਜਿਸ ਦੀ ਸ਼ਿਕਾਇਤ ’ਤੇ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।