ਨਵਾਂਸ਼ਹਿਰ 'ਚ ਹਿੰਦੂ ਸੰਗਠਨਾਂ ਨੇ ਦਿੱਤਾ ਧਰਨਾ, ਕੀਤਾ ਹੁਨਮਾਨ ਚਾਲੀਸਾ ਦਾ ਪਾਠ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਰਨੇ ਦੌਰਾਨ ਹਿੰਦੂ ਸੰਗਠਨਾਂ ਨੇ ਜੈ ਸ੍ਰੀ ਰਾਮ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ।

protest

ਨਵਾਂਸ਼ਹਿਰ- ਹਿੰਦੂ ਸੰਗਠਨ ਨਵਾਂਸ਼ਹਿਰ ਦੀ ਅਗਵਾਈ ਹੇਠ ਅੱਜ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਸੰਗਠਨਾਂ ਵੱਲੋਂ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਂਕ ਵਿਖੇ ਚੱਕਾ ਜਾਮ ਕਰਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਚੰਡੀਗੜ੍ਹ ਚੌਂਕ ਵਿਖੇ ਹੁਨਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਸਰਕਾਰ ਤੋਂ ਕਥਿਤ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। 

ਧਰਨੇ ਦੌਰਾਨ ਹਿੰਦੂ ਸੰਗਠਨਾਂ ਨੇ ਜੈ ਸ੍ਰੀ ਰਾਮ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਧਰਨੇ ਦੌਰਾਨ ਹਿੰਦੂ ਸੰਗਠਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਮੁਲਜ਼ਮਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਜਿਸ ਕਾਰਨ ਹਿੰਦੂ ਸੰਗਠਨਾਂ ਦੀਆਂ ਭਾਵਨਾਵਾਂ ਆਹਤ ਹੋ ਰਹੀਆ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 

ਇਸ ਧਰਨੇ ਵਿਚ ਆਚਾਰੀਆ ਸਵਾਮੀ ਰਿਸ਼ੀ ਰਾਜ, ਰਾਸ਼ਟਰੀ ਚੇਅਰਮੈਨ ਭਾਰਤੀ ਆਂਗਰਾ, ਪੰਜਾਬ ਚੇਅਰਮੈਨ ਨਰਿੰਦਰ ਰਾਠੌਰ, ਪੰਡਿਤ ਕਿਸ਼ੋਰ ਕੁਮਾਰ, ਭਾਜਪਾ ਪ੍ਰਧਾਨ ਡਾ. ਪੂਨਮ ਮਾਨਿਕ, ਧਾਰਮਿਕ ਉਤਸਵ ਕਮੇਟੀ ਦੇ ਪ੍ਰਧਾਨ ਐਡਵੋਕੇਟ ਜੇਕੇ ਦੱਤਾ, ਸ਼ਿਆਮਾ ਸ਼ਾਮ ਸੰਕੀਰਤਨ ਮੰਡਲ ਪਰਵਿੰਦਰ ਬਤਰਾ, ਰਾਧਾ ਰਮਨ ਸੰਕੀਰਤਨ ਮੰਡਲ, ਵਪਾਰ ਮੰਡਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਸ਼ੰਕਰ ਦੁੱਗਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਲਿਤ ਮੋਹਨ ਪਾਠਕ, ਨਮਰਤਾ ਖੰਨਾ, ਰਵੀ ਸੋਬਤੀ, ਪ੍ਰਵੀਨ ਭਾਟੀਆ, ਦਿਲਬਰ ਸਿੰਘ, ਵਰੂਣ ਸੋਬਤੀ, ਕੀਮਤੀ ਲਾਲ ਕਸ਼ਯਪ, ਜਸਪਾਲ ਜੱਸਾ, ਅਸ਼ਵਨੀ ਬਲੱਗਨ, ਅਮਿਤਾ ਆਂਗਰਾ, ਹੈਪੀ ਗੋਲਡੀ, ਆਰਕੇ ਮਹਿੰਦੀ, ਰਾਜਾ ਲੜੋਈਆ, ਕਰਨ ਲੜੋਈਆ, ਜੀਵਨ ਕੁਮਾਰ, ਅਰੂਣ ਆਗਰਾ, ਰਾਮ ਗੁਪਤਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਦੁਸ਼ਹਿਰੇ ਮੌਕੇ ਅੰਮ੍ਰਿਤਸਰ ਮਾਨਾਵਾਲਾ ਪਿੰਡ ਵਿਚ ਭਗਵਾਨ ਰਾਮ ਚੰਦਰ ਦਾ ਪੁਤਲਾ ਸਾੜਿਆ ਗਿਆ।  ਜਿਸ ਦੇ ਵਿਰੋਧ 'ਚ ਅੱਜ ਸਮੂਹ ਹਿੰਦੂ ਸੰਗਠਨ ਵਲੋਂ ਵੱਖ ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।