ਛੇ ਮਿੰਟ ਦਾ ਵਿਧਾਨ ਸਭਾ ਸੈਸ਼ਨ ਚਲਾ ਕੇ ਲੋਕਾਂ ਦਾ 70 ਲੱਖ ਰੁਪਇਆ ਖੂਹ ’ਚ ਸੁਟਿਆ : ਸੰਧਵਾਂ
ਛੇ ਮਿੰਟ ਦਾ ਵਿਧਾਨ ਸਭਾ ਸੈਸ਼ਨ ਚਲਾ ਕੇ ਲੋਕਾਂ ਦਾ 70 ਲੱਖ ਰੁਪਇਆ ਖੂਹ ’ਚ ਸੁਟਿਆ : ਸੰਧਵਾਂ
ਰੂਪਨਗਰ, 9 ਨਵੰਬਰ (ਕੁਲਵਿੰਦਰ ਭਾਟੀਆ) : ਰੂਪਨਗਰ ਪਹੁੰਚੇ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਰਕਾਰ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਵਿਧਾਇਕ ਸੰਧਵਾਂ ਨੇ ਕਿਹਾ ਕਿ ਛੇ ਮਿੰਟ ਦਾ ਵਿਧਾਨ ਸਭਾ ਸੈਸ਼ਨ ਚਲਾ ਲੋਕਾਂ ਦੇ ਟੈਕਸ ਦਾ 70 ਲੱਖ ਰੁਪਈਆ ਸਰਕਾਰ ਨੇ ਖੂਹ ਵਿਚ ਸੁਟਿਆ ਹੈ।
ਉਨ੍ਹਾਂ ਕਿਹਾ ਕਿ ਵਿਰੋਧੀਆਂ ਵਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੀ ਸਰਕਾਰ ਨੇ ਸੈਸ਼ਨ ਰੱਦ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣੀ ਜ਼ਰੂਰੀ ਸੀ ਪਰ ਸ਼ਰਧਾਂਜਲੀ ਤੋਂ ਅੱਧਾ ਘੰਟਾ ਬਾਅਦ ਵਿਚ ਸੈਸ਼ਨ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਵੱਖ-ਵੱਖ ਮੁੱਦਿਆਂ ਸਬੰਧੀ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਸਵਾਲ ਪੁੱਛੇ ਜਾਣੇ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਹੱਲ ਨਹੀਂ ਕੀਤਾ। ਬੁਢਾਪਾ ਪੈਨਸ਼ਨ, ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ, ਨੌਜਵਾਨਾਂ ਨੂੰ ਰੁਜ਼ਗਾਰ, ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨਾ, ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ, ਡੇਂਗੂ ਨਾਲ ਹੋ ਰਹੀਆਂ ਅਣਗਿਣਤ ਮੌਤਾਂ ਪਰ ਸਰਕਾਰ ਨੇ ਕੋਈ ਮੁੱਦੇ ਨਹੀਂ ਚੁੱਕੇ ਹਨ ਅਤੇ ਸਰਕਾਰ ਹੁਣ ਇਨ੍ਹਾਂ ਮੁੱਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ।
ਇਸ ਮੌਕੇ ਉਨ੍ਹਾਂ ਨਾਲ ਮੌਜੂਦ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਕਿਹਾ ਕਿ ਸਾਨੂੰ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਦਾ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ ਕਿਉਂਕਿ ਅਸੀਂ ਅਪਣੇ ਹਲਕੇ ਦੇ ਮੁੱਦੇ ਅਤੇ ਅਪਣੇ ਹਲਕੇ ਦੇ ਲੋਕਾਂ ਦੀ ਗੱਲ ਵਿਧਾਨ ਸਭਾ ਸੈਸ਼ਨ ਵਿਚ ਕਰਨੀ ਹੁੰਦੀ ਹੈ ਪਰ ਸਰਕਾਰ ਨੇ ਸਿਰਫ਼ ਛੇ ਮਿੰਟ ਦਾ ਸੈਸ਼ਨ ਬੁਲਾ ਕੇ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਕੀਤਾ ਹੈ, ਕਿਉਂਕਿ ਸਰਕਾਰ ਵਿਰੋਧੀ ਧਿਰ ਦੇ ਵਿਧਾਇਕਾਂ ਵਲੋਂ ਚੁੱਕੇ ਜਾਣ ਵਾਲੇ ਸਵਾਲਾਂ ਦੇ ਜਵਾਬ ਤੋਂ ਭਜਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਨੇ ਜਲਦ ਰੂਪਨਗਰ ਹਲਕੇ ਲਈ ਫ਼ੰਡ ਜਾਰੀ ਨਾ ਕੀਤੇ ਤਾਂ ਉਹ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਧਰਨੇ ’ਤੇ ਬੈਠ ਜਾਣਗੇ।
ਫੋਟੋ ਰੋਪੜ-9-09 ਤੋਂ ਪ੍ਰਾਪਤ ਕਰੋ ਜੀ।