ਦਰਦਨਾਕ ਹਾਦਸਾ: ਟੈਂਕਰ ਅਤੇ ਬੱਸ ਦੀ ਹੋਈ ਜ਼ਬਰਦਸਤ ਟੱਕਰ, ਜ਼ਿੰਦਾ ਸੜੇ 12 ਲੋਕ
10 ਲੋਕਾਂ ਨੂੰ ਬਚਾਇਆ ਜ਼ਿੰਦਾ
ਜੈਪੁਰ: ਰਾਜਸਥਾਨ ਦੇ ਬਾੜਮੇਰ-ਜੋਧਪੁਰ ਹਾਈਵੇਅ 'ਤੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਪ੍ਰਾਈਵੇਟ ਬੱਸ ਦੀ ਟੈਂਕਰ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਬੱਸ 'ਚ ਸਵਾਰ 12 ਲੋਕ ਜ਼ਿੰਦਾ ਸੜ ਗਏ। ਹਾਦਸੇ ਤੋਂ ਬਾਅਦ ਬਾੜਮੇਰ-ਜੋਧਪੁਰ ਹਾਈਵੇਅ 'ਤੇ ਜਾਮ ਲੱਗ ਗਿਆ।
ਦੱਸਿਆ ਜਾ ਰਿਹਾ ਹੈ ਕਿ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਹਾਦਸੇ ਦੇ ਸਮੇਂ ਬੱਸ ਵਿੱਚ 25 ਲੋਕ ਸਵਾਰ ਸਨ। ਪ੍ਰਸ਼ਾਸਨ 10 ਲੋਕਾਂ ਨੂੰ ਕੱਢਣ ਵਿੱਚ ਸਫ਼ਲ ਰਿਹਾ ਹੈ। ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਵੀ ਪਹੁੰਚ ਗਿਆ ਹੈ।
ਬੱਸ 'ਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਬੱਸ ਬਲੋਤਰਾ ਤੋਂ ਸਵੇਰੇ 9:55 'ਤੇ ਰਵਾਨਾ ਹੋਈ ਸੀ। ਇਸ ਦੌਰਾਨ ਸਾਹਮਣੇ ਤੋਂ ਗਲਤ ਸਾਈਡ ਤੋਂ ਆ ਰਹੇ ਇਕ ਟੈਂਕਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਬੱਸ 'ਚ ਅਚਾਨਕ ਅੱਗ ਲੱਗ ਗਈ, ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ 'ਚ ਬੱਸ ਸੜ ਕੇ ਸੁਆਹ ਹੋ ਗਈ। ਹਾਲਾਂਕਿ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਪਚਪਦਰਾ ਦੇ ਵਿਧਾਇਕ ਮਦਨ ਪ੍ਰਜਾਪਤ, ਇੰਚਾਰਜ ਮੰਤਰੀ ਸੁਖਰਾਮ ਵਿਸ਼ਨੋਈ, ਡਿਵੀਜ਼ਨਲ ਕਮਿਸ਼ਨਰ ਸਮੇਤ ਕਈ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਬਚਾਅ ਕਾਰਜ ਜਾਰੀ ਹੈ। ਇਸ ਦੇ ਨਾਲ ਹੀ ਹਾਦਸੇ 'ਚ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।