ਬ੍ਰੇਨ ਡੈੱਡ ਮਰੀਜ਼ ਨੇ 3 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਪਰਿਵਾਰ ਨੇ ਕੀਤੇ ਅੰਗਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਇਸ ਸਾਲ ਹੁਣ ਤੱਕ 34 ਪਰਿਵਾਰਾਂ ਨੇ ਗੰਭੀਰ ਬਿਮਾਰੀਆਂ ਨਾਲ ਲੜ ਰਹੇ ਵਿਅਕਤੀਆਂ ਨੂੰ ਆਪਣਿਆਂ ਦੇ ਅੰਗਦਾਨ ਕੀਤੇ

Photo

 

ਚੰਡੀਗੜ੍ਹ: ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਇਸ ਸਾਲ ਹੁਣ ਤੱਕ 34 ਪਰਿਵਾਰਾਂ ਨੇ ਗੰਭੀਰ ਬਿਮਾਰੀਆਂ ਨਾਲ ਲੜ ਰਹੇ ਵਿਅਕਤੀਆਂ ਨੂੰ ਆਪਣਿਆਂ ਦੇ  ਅੰਗਦਾਨ ਕਰਕੇ ਸਿਹਤਮੰਦ ਜੀਵਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੇਤਰਹੀਣਾਂ ਦੇ ਜੀਵਨ ਵਿੱਚ ਵੀ ਰੋਸ਼ਨੀ ਲਿਆਂਦੀ ਹੈ। ਇੱਕ ਤਾਜ਼ਾ ਮਾਮਲੇ ਵਿੱਚ ਰੋਪੜ ਦੇ ਪਿੰਡ ਸਰਥਲੀ ਦੇ ਰਾਮ ਸਰਨ (53) ਦੇ ਪਰਿਵਾਰ ਨੇ ਪੀ.ਜੀ.ਆਈ. 'ਚ ਉਹਨਾਂ ਦੇ ਅੰਗਦਾਨ ਕੀਤੇ। ਇਸ ਨਾਲ 3 ਲੋਕਾਂ ਦੀ ਜ਼ਿੰਦਗੀ ਬਦਲ ਗਈ। ਸਰਨ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ ਸੀ।  ਪੀਜੀਆਈਐਮਈਆਰ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਪਰਿਵਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਯਤਨਾਂ ਸਦਕਾ ਅੰਗ ਦਾਨ ਵਿੱਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ।

ਜਾਣਕਾਰੀ ਅਨੁਸਾਰ ਰਾਮ ਸਰਨ 3 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਸਵੇਰ ਦੀ ਸੈਰ 'ਤੇ ਗਿਆ ਸੀ। ਵਾਪਸ ਆਉਂਦੇ ਸਮੇਂ ਇੱਕ ਤੇਜ਼ ਰਫ਼ਤਾਰ ਦੋਪਹੀਆ ਵਾਹਨ ਨੇ ਉਸ ਨੂੰ ਪਿੱਛੇ ਤੋਂ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਇਸ ਨਾਲ ਉਹ ਬੇਹੋਸ਼ ਹੋ ਗਿਆ। ਉਸ ਨੂੰ ਨਜ਼ਦੀਕੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ। ਇੱਥੇ ਇਲਾਜ ਦੌਰਾਨ ਉਸ ਦਾ ਸਰੀਰ ਜਵਾਬ ਨਹੀਂ ਦੇ ਰਿਹਾ ਸੀ।

ਉਸ ਨੂੰ 3 ਨਵੰਬਰ ਨੂੰ  ਹਾਲਤ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਇੱਥੇ ਦਾਖਲ ਕਰਵਾਇਆ ਗਿਆ ਸੀ। ਉਸ ਦਾ ਇਲਾਜ ਨਿਊਰੋ-ਸਰਜਰੀ ਵਿਭਾਗ ਵਿੱਚ ਕੀਤਾ ਗਿਆ ਸੀ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਅਜਿਹੇ 'ਚ 5 ਨਵੰਬਰ ਨੂੰ ਉਨ੍ਹਾਂ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ।
ਟਰਾਂਸਪਲਾਂਟ ਕੋਆਰਡੀਨੇਟਰ ਫਿਰ ਰਾਮ ਸਰਨ ਦੇ ਪਰਿਵਾਰ ਤੱਕ ਪਹੁੰਚੇ ਅਤੇ ਉਨ੍ਹਾਂ ਨੂੰ ਅੰਗ ਦਾਨ 'ਤੇ ਵਿਚਾਰ ਕਰਨ ਲਈ ਕਿਹਾ। ਪਰਿਵਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਰਾਮ ਸਰਨ ਦਾ ਲੀਵਰ ਅਤੇ ਕਿਡਨੀ ਕੱਢ ਦਿੱਤੀ ਗਈ। ਇਸ ਨਾਲ ਤਿੰਨ ਮਰੀਜ਼ਾਂ ਦੀ ਜਾਨ ਬਚ ਗਈ ਜੋ ਅੰਗ ਫੇਲ੍ਹ ਹੋਣ ਦੇ ਆਖਰੀ ਪੜਾਅ 'ਤੇ ਸਨ।