ਚੋਰ ਮੋਰੀਆਂ ਰਾਹੀ ਹੋਣ ਵਾਲਾ ਇਜਲਾਸ ਚੋਰਾਂ ਦਾ ਹੋ ਸਕਦਾ ਸ਼੍ਰੋਮਣੀ ਕਮੇਟੀ ਦਾ ਨਹੀਂ- ਭਾਈ ਵਡਾਲਾ

ਏਜੰਸੀ

ਖ਼ਬਰਾਂ, ਪੰਜਾਬ

‘ਕਈ ਸਾਲਾਂ ਤੋਂ ਚੋਣਾਂ ਹੀ ਨਹੀ ਹੋਈਆਂ ਫਿਰ ਇਹ ਇਜਲਾਸ ਕਿਵੇਂ ਤੇ ਕਿਉਂ ,ਤੇ ਕੌਣ ਪੁੱਛੂ?’

Bhai Wadala

 

ਸ੍ਰੀ ਅੰਮ੍ਰਿਤਸਰ ਸਾਹਿਬ:- ਮਿਤੀ 9 ਨਵੰਬਰ ਨੂੰ ਪੰਥਕ ਹੋਕੇ ਦੇ ਥੜ੍ਹੇ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨ ਸਜਾਏ। ਸੁਖਮਨੀ ਸਾਹਿਬ, ਚੌਪਈ ਸਾਹਿਬ, ਗੁਰਬਾਣੀ ਕੀਰਤਨ ਉਪਰੰਤ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਸਫਲਤਾ, ੩੨੮ ਪਾਵਨ ਸਰੂਪਾਂ ਦੇ ਇਨਸਾਫ, ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੋਮਣੀ ਕਮੇਟੀ ਦੀ ਆਜ਼ਾਦੀ ਲਈ ਅਰਦਾਸ ਕੀਤੀ ਗਈ। ਪੰਥਕ ਹੋਕੇ ਵੱਲੋਂ ਬਿਆਨ ਜਾਰੀ ਕਰਦਿਆਂ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਚੋਰਾਂ ਦਾ ਹੈ ਜਿਹੜੇ ਪਾਵਨ ੩੨੮ ਸਰੂਪ ਚੋਰੀ ਕਰਵਾ ਸਕਦੇ ਹਨ ਫਿਰ ਉਹ ਚੋਰੀ ਬਾਬਤ ਚੋਰਾਂ ਵਿਰੁੱਧ ਕਾਰਵਾਈ ਲਈ ਜੁਬਾਨ ਬੰਦ ਕਰ ਲੈਣ, ਤਾਂ ਉਹ ਸੇਵਾਦਾਰ ਨਹੀਂ ਸਗੋਂ ਚੋਰ-ਚੋਰ ਮਸੇਰੇ ਭਾਈ ਹੁੰਦੇ ਹਨ।

ਧਰਮ ਦੇ ਨਾਮ ’ਤੇ ਰਾਜਨੀਤੀ ਕਰਨੀ ਵੀ ਚੋਰੀ ਹੈ, ਜੋ ਇਹ ਲੋਕ ਕਰ ਰਹੇ ਹਨ। ਸਿਆਸੀ ਹੋ ਕੇ ਆਪਣੇ ਆਪ ਨੂੰ ਅਸਲੀ ਅਕਾਲੀ ਅਤੇ ਪੰਥ ਪ੍ਰਸਤ ਸਾਬਤ ਕਰਨਾ ਉਸ ਤੋਂ ਵੀ ਵੱਡੀ ਚੋਰੀ ਹੈ। ਇਹ ਲੋਕ ਹੁਣ ਵੱਖ -ਵੱਖ ਡਫਲੀ ਵਜਾ ਕੇ ਚੋਰਾਂ ਦੇ ਕਬਜ਼ੇ ਨੂੰ ਜਿਉਂ ਦਾ ਤਿਉਂ ਰੱਖਣ ਲਈ ਦਾਵਾ ਕਰ ਰਹੇ ਹਨ ਕਿ ਜੇਕਰ ਮੈਨੂੰ ਪ੍ਰਧਾਨ ਲੈ ਆਉ ਤਾਂ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ’ਚ ਪਏ ਵਿਗਾੜ ਨੂੰ ਸਹੀ ਕਰਾਂਗਾ। ਪਰ ਸੱਚਾਈ ਇਹ ਹੈ ਕਿ ਵਿਗਾੜ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਇਹ ਲੋਕ ਹੀ ਵੱਡਾ ਵਿਗਾੜ ਹਨ। ਜਿਹਨਾਂ ਨੂੰ ਪ੍ਰਬੰਧ ਵਿੱਚੋਂ ਕੱਢਣਾ ਹੀ ਵਿਗਾੜ ਨੂੰ ਠੀਕ ਕਰਨਾ ਹੈ। ਇਹਨਾਂ ਚੋਰਾਂ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸਿਆਸਤ ਵਿੱਚੋਂ ਬਾਹਰ ਕੱਢ ਦਿੱਤਾ ਹੈ। ਹੁਣ ਇਹ ਸ਼੍ਰੋਮਣੀ ਕਮੇਟੀ ਰਾਹੀਂ ਚੋਰ ਮੋਰੀਆਂ ਵਰਤ ਕੇ ਮੁੜ ਉੱਠਣਾ ਚਾਹੁੰਦੇ ਹਨ। ਜੋ ਕਿ ਪੰਥਕ ਰਿਵਾਇਤਾਂ, ਗੁਰਦੁਆਰਾ ਐਕਟ ਮੁਤਾਬਕ ਗ਼ਲਤ ਹੈ।

 ਕਨੂੰਨ ਮੁਤਾਬਿਕ ਰਾਜਸੀ ਪ੍ਰਬੰਧ ਲਈ ਰਾਜਨੀਤਕ ਚੋਣਾਂ, ਅਤੇ ਧਾਰਮਿਕ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਚੋਣਾਂ ਦੋਵੇਂ ਹੀ ਅਲੱਗ-ਅਲੱਗ ਮੱਹਤਵ ਰੱਖਦੀਆਂ ਹਨ, ਜਿਸ ਦੇ ਵੱਖੋ-ਵੱਖ ਵਿਧਾਨ ਹਨ। ਰਾਜਨੀਤਕ ਪਾਰਟੀਆਂ ਜਾਂ ਰਾਜਸੀ ਆਗੂ ਧਾਰਮਿਕ ਪ੍ਰਬੰਧ ’ਤੇ ਕਾਬਜ਼ ਹੋਣ ਲਈ ਚੋਣ ਲੜਦੇ ਹਨ ਤਾਂ ਉਹ ਚੋਰੀ ਹੈ। ਜੇਕਰ ਧਾਰਮਿਕ ਪ੍ਰਬੰਧ ’ਚ ਰਹਿਣ ਵਾਲੇ ਮੈਂਬਰ ਰਾਜਸੀ ਚੋਣਾਂ ਲੜਦੇ ਹਨ ਤਾਂ ਉਹ ਉਸ ਤੋਂ ਵੱਡੇ ਚੋਰ ਹਨ। ਜੋ ਦੋ-ਦੋ ਸੰਵਿਧਾਨ ਤੇ ਦੋ-ਦੋ ਪਛਾਣ ਪੱਤਰ ਰੱਖੀ ਬੈਠੇ ਹਨ।  ਸਿੱਖ ਸਦਭਾਵਨਤ ਦਲ ਇਸ ਗੱਲ ਦੀ ਪੁਰਜ਼ੋਰ ਵਿਰੋਧਤਾ ਕਰਦਾ ਹੈ।

ਸਮਾਜਿਕ ਭਲਾਈ ਲਈ ਸੰਗਤਾਂ ਦੇ ਚੜਾਵੇ ਦੇ ਰੂਪ ਵਿੱਚ ਇੱਕਠੀ ਹੋਈ ਮਾਇਆ ਨੂੰ ਰਾਜਸੀ ਅਤੇ ਨਿੱਜੀ ਹਿਤਾਂ ਲਈ ਵਰਤਣ ਤੋਂ ਰੋਕਣ ਲਈ 420 ਖੇਡਣ ਵਾਲੇ ਦੋ ਸੰਵਿਧਾਨ ਵਾਲੇ ਅਕਾਲੀ ਦਲ ਬਾਦਲ ਨਾਲ ਰਲ ਕੇ ਜਿਹਨਾਂ ਗੁਰਦੁਆਰਿਆਂ ਦਾ ਅਕਸ ਖ਼ਰਾਬ ਕਰਨ ਦੀ ਕੋਈ ਕਸਰ ਨਹੀਂ ਛੱਡੀ। ਜੋ ਕਿ  ਕਈ ਦਹਾਕਿਆਂ ਤੋ ਕਾਬਜ਼ ਹਨ। ਜਿਹਨਾ ਇਤਿਹਾਸ ਬਦਲੇ, ਗੁਰੂ ਕੇ ਬਾਗ ਵੱਢੇ, ਵਿਰਾਸਤਾਂ ਢਵਾਈਆਂ, ਗੁ: ਪ੍ਰਬੰਧ, ਗੁ: ਐਕਟ, ਸਿੱਖ ਰਹਿਤ ਮਰਿਯਾਦਾ, ਸਿੱਖ ਪੰਥ ਨਾਲ ਧੋਖਾ ਕੀਤਾ। ਨਾ ਇਹ ਸਿੱਖ ਨੇ ਨਾ ਇਹ ਅਕਾਲੀ ਨਾ ਇਹ  ਸ਼੍ਰੋਮਣੀ ਕਮੇਟੀ ਮੈਂਬਰ ਹਨ। ਕਈ ਸਾਲਾਂ ਤੋਂ ਚੋਣਾਂ ਹੀ ਨਹੀ ਹੋਈਆਂ ਫਿਰ ਇਹ ਇਜਲਾਸ ਕਿਵੇਂ ਤੇ ਕਿਉਂ ,ਤੇ ਕੌਣ ਪੁੱਛੂ? 

ਇਹਨਾਂ ਨੇ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਤਾਂ ਵੇਚ ਦਿੱਤੀਆਂ ਗਈਆਂ, ਗੋਲਕਾਂ ਲੁੱਟ ਲਈਆਂ ਗਈਆਂ। ਇੱਥੇ ਹੀ ਬਸ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸਰਮਾਇਆ ਵੀ ਵੇਚਣ ਤੋਂ ਗੁਰੇਜ਼ ਨਹੀ ਕੀਤਾ। 328 ਸਰੂਪਾਂ ਦਾ ਸਰਮਾਇਆ ਚੋਰੀ ਵੇਚ ਦਿੱਤਾ ਗਿਆ। ਵੇਚਣ ਵਾਲਿਆਂ ਦੇ ਖਿਲਾਫ਼ ਕੋਈ ਕਾਰਵਈ ਨਹੀਂ ਕੀਤੀ ਗਈ। 

ਸਰਕਾਰਾਂ ਦਾ ਪੰਥ ਦੇ ਨਾਜ਼ੁਕ ਮਸਲੇ ਉੱਪਰ ਚੁੱਪ ਵਟਣਾ ਕਮੇਟੀ ਉੱਪਰ ਕਾਬਜ ਬਾਦਲਕਿਆਂ ਦੀ ਹਿਮਾਇਤ ਦਾ ਇਸ਼ਾਰਾ ਕਰਦਾ ਹੈ। ਜਿਕਰ ਯੋਗ ਹੈ ਕਿ ਅਕਾਲੀ ਦਲ ਬਾਦਲਕਿਆਂ ਦਾ ਸ਼੍ਰੋਮਣੀ ਕਮੇਟੀ ਉੱਪਰ ਸਿੱਧਾ ਕਬਜਾ ਹੈ ।ਜੋ ਕਿ ਵਿਧਾਨ ਮੁਤਾਬਿਕ ਗ਼ਲਤ ਹੈ। ਇਸ ਲਈ ਆਓ ਸ਼੍ਰੋਮਣੀ ਕਮੇਟੀ ਉਪਰ ਕਾਬਜ ਬਾਦਲਕਿਆਂ ਨੂੰ ਬਾਹਰ ਕੱਢ ‘ਸਿੱਖਨੀਤੀ ਲਿਆਈਏ, ਰਾਜਨੀਤੀ ਭਜਾਈਏ’ ਦਾ ਹੋਕਾ ਦਿੰਦੇ ਹੋਏ ਗੁਰਦੁਆਰਾ ਪ੍ਰਬੰਧ ਨੂੰ ਆਜ਼ਾਦ ਕਰਵਾ ਕੇ ਆਪਣੀ ਬੋਲੀ, ਆਪਣੀ ਭਾਸ਼ਾ, ਆਪਣੇ ਹੱਕਾਂ ਲਈ ਸੁਚੇਤ ਹੋਈਏ।