Canada News: ਉੱਜੜੀਆਂ ਤਿਉਹਾਰ ਦੀਆਂ ਖੁਸ਼ੀਆਂ! ਭੁਲੱਥ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ਵਿਚ ਮੌਤ
ਅਮਿਤ ਬਹਿਲ 6 ਸਾਲ ਪਹਿਲਾਂ ਸਟੱਡੀ ਵੀਜੇ 'ਤੇ ਕੈਨੇਡਾ ਗਿਆ ਸੀ
ਭੁਲੱਥ - ਕੈਨੇਡਾ ਵਿਚ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਿਤ ਬਹਿਲ (28) ਪੁੱਤਰ ਰੌਣਕ ਬਹਿਲ ਵਾਸੀ ਹਲਕਾ ਭੁਲੱਥ ਵਜੋਂ ਹੋਈ ਹੈ। ਉਕਤ ਨੌਜਵਾਨ ਉਚੇਰੀ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਗਿਆ ਸੀ। ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰਹਿੰਦਾ ਨੌਜਵਾਨ ਅਮਿਤ ਬਹਿਲ ਪੈਦਲ ਚੱਲਣ ਵੇਲੇ ਲਾਈਟ ਹੋਣ 'ਤੇ ਸੜਕ ਪਾਰ ਕਰ ਰਿਹਾ ਸੀ ਤਾਂ ਅਚਾਨਕ ਸਾਹਮਣੇ ਤੋਂ ਇਕ ਬੇਕਾਬੂ ਕਾਰ ਆਈ ਅਤੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ।
ਮੌਕੇ ਉਤੇ ਅਮਿਤ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਇਹ ਨੌਜਵਾਨ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਦੀਵਾਲੀ ਤੋਂ ਪਹਿਲਾਂ ਜਵਾਨ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿਚ ਮਾਤਮ ਛਾ ਗਿਆ। ਜਾਣਕਾਰੀ ਅਨੁਸਾਰ ਰੌਣਕ ਬਹਿਲ ਦਾ ਪੁੱਤਰ ਅਮਿਤ ਬਹਿਲ 6 ਸਾਲ ਪਹਿਲਾਂ ਸਟੱਡੀ ਵੀਜੇ 'ਤੇ ਕੈਨੇਡਾ ਗਿਆ ਸੀ। ਜਿੱਥੇ ਹੁਣ ਉਹ ਟੋਰਾਂਟੋ ਵਿਚ ਰਹਿ ਰਿਹਾ ਸੀ ਅਤੇ ਉਸ ਨੂੰ ਵਰਕ ਪਰਮਿਟ ਮਿਲਿਆ ਹੋਇਆ ਸੀ। ਉਨ੍ਹਾਂ ਦਸਿਆ ਕਿ ਹੁਣ ਤੱਕ ਅਮਿਤ ਇਕ ਵਾਰ ਹੀ ਭਾਰਤ ਆਇਆ ਸੀ ਅਤੇ ਪੀ. ਆਰ. ਦੀ ਉਡੀਕ ਵਿਚ ਸੀ।
ਅੱਜ ਤੋਂ ਚਾਰ ਦਿਨ ਪਹਿਲਾਂ ਅਮਿਤ ਟੋਰਾਂਟੋ ਵਿਚ ਹੀ ਕੰਮ 'ਤੇ ਜਾ ਰਿਹਾ ਸੀ। ਜਦੋਂ ਉਹ ਬੱਸ ਵਿਚੋਂ ਉਤਰਿਆ ਤਾਂ ਸੜਕ ਪਾਰ ਕਰਦੇ ਸਮੇਂ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਅਮਿਤ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਦਸਿਆ ਕਿ ਇਹ ਪਤਾ ਲੱਗਾ ਹੈ ਕਿ ਕਾਰ ਚਾਲਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।