Punjab Paddy Crop: 'ਕਿਉਂ ਨਾ ਪੰਜਾਬ 'ਚ ਝੋਨੇ ਦੀ ਖੇਤੀ ਖ਼ਤਮ ਕਰ ਦਿੱਤੀ ਜਾਵੇ..,ਪਰਾਲੀ ਸਾੜਨ ਦੇ ਵਧਦੇ ਮਾਮਲਿਆਂ 'ਤੇ SC ਦੀ ਟਿੱਪਣੀ
ਘਟ ਰਹੇ ਪਾਣੀ ਦੇ ਪੱਧਰ ਦਾ ਇੱਕ ਹੱਲ ਇਹ ਵੀ ਹੈ ਕਿ ਕਿਉਂ ਨਾ ਝੋਨੇ ਦੀ ਫ਼ਸਲ ਨੂੰ ਹੌਲੀ-ਹੌਲੀ ਖ਼ਤਮ ਕਰ ਦਿੱਤਾ ਜਾਵੇ। ਸਾਨੂੰ ਇਕ ਹੋਰ ਮਾਰੂਥਲ ਨਹੀਂ ਚਾਹੀਦਾ।
Punjab Paddy Crop News IN Punjabi: ਦਿੱਲੀ ਵਿਚ ਵਧਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਇਸ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਇੱਕ ਮੁੱਖ ਕਾਰਨ ਪਰਾਲੀ ਸਾੜਨਾ ਹੈ ਅਤੇ ਇਹ ਪਰਾਲੀ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿਚ ਵੀ ਸਾੜੀ ਜਾ ਰਹੀ ਹੈ।
ਜਦੋਂ ਪੰਜਾਬ ਵਿਚ ਵੱਧ ਤੋਂ ਵੱਧ ਪਰਾਲੀ ਸਾੜਨ ਦੀ ਦਲੀਲ ਸੁਪਰੀਮ ਕੋਰਟ ਵਿਚ ਰੱਖੀ ਗਈ ਤਾਂ ਸੁਪਰੀਮ ਕੋਰਟ ਨੇ ਸਲਾਹ ਦਿੱਤੀ ਗਈ ਕਿ ਕਿਉਂ ਨਾ ਝੋਨੇ ਦੀ ਖੇਤੀ ਬੰਦ ਕੀਤੀ ਜਾਵੇ। ਇਸ ਬਾਰੇ ਬੈਂਚ ਨੇ ਕਿਹਾ ਕਿ ਪੰਜਾਬ ਵਿਚ ਪਾਣੀ ਦਾ ਡਿੱਗ ਰਿਹਾ ਪੱਧਰ ਵੀ ਚਿੰਤਾ ਦਾ ਵਿਸ਼ਾ ਹੈ। ਇਸ ਦਾ ਇੱਕ ਹੱਲ ਇਹ ਵੀ ਹੈ ਕਿ ਕਿਉਂ ਨਾ ਝੋਨੇ ਦੀ ਫ਼ਸਲ ਨੂੰ ਹੌਲੀ-ਹੌਲੀ ਖ਼ਤਮ ਕਰ ਦਿੱਤਾ ਜਾਵੇ। ਸਾਨੂੰ ਇਕ ਹੋਰ ਮਾਰੂਥਲ ਨਹੀਂ ਚਾਹੀਦਾ।
ਸੁਪਰੀਮ ਕੋਰਟ ਨੇ ਕਿਹਾ ਕਿ ਇਸ ਦੀ ਬਜਾਏ ਮੋਟੇ ਅਨਾਜ ਦੀ ਪੈਦਾਵਾਰ ਵਧਾਈ ਜਾਵੇ। ਪ੍ਰਦੂਸ਼ਣ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਹਰ ਵਾਰ ਸਾਡੇ ਦਖ਼ਲ ਤੋਂ ਬਾਅਦ ਹੀ ਕੰਮ ਹੁੰਦਾ ਹੈ। ਬੈਂਚ ਨੇ ਕਿਹਾ ਕਿ ਹਰ ਸਾਲ ਅਜਿਹਾ ਹੁੰਦਾ ਹੈ ਕਿ ਜਦੋਂ ਅਸੀਂ ਦਖਲ ਦਿੰਦੇ ਹਾਂ ਤਾਂ ਸਰਕਾਰਾਂ ਜਾਗ ਜਾਂਦੀਆਂ ਹਨ। ਅਦਾਲਤ ਨੇ ਕਿਹਾ ਕਿ ਪ੍ਰਦੂਸ਼ਣ ਦੇ ਮਾਮਲੇ ਵਿਚ ਮਾਹਿਰਾਂ ਦੀ ਸਲਾਹ ਲਈ ਜਾਂਦੀ ਹੈ ਪਰ ਅਸੀਂ ਮਾਹਿਰ ਨਹੀਂ ਸਗੋਂ ਨਤੀਜੇ ਚਾਹੁੰਦੇ ਹਾਂ।
ਸੁਪਰੀਮ ਕੋਰਟ ਨੇ 13 ਤੋਂ 20 ਨਵੰਬਰ ਤੱਕ ਆਡ-ਈਵਨ ਨੀਤੀ 'ਤੇ ਦਿੱਲੀ ਸਰਕਾਰ ਵੱਲੋਂ ਕੋਈ ਆਦੇਸ਼ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਪ੍ਰਦੂਸ਼ਣ ਨੂੰ ਕਿਵੇਂ ਘੱਟ ਕਰੋਗੇ। ਸਾਨੂੰ ਮਾਹਿਰਾਂ ਦੀ ਨਹੀਂ ਸਗੋਂ ਨਤੀਜਿਆਂ ਦੀ ਲੋੜ ਹੈ। ਅਦਾਲਤ ਨੇ ਕਿਹਾ ਕਿ ਦਿੱਲੀ-ਐਨਸੀਆਰ ਵਿਚ ਹਰ ਸਾਲ ਪ੍ਰਦੂਸ਼ਣ ਦੀ ਸਮੱਸਿਆ ਆਉਂਦੀ ਹੈ, ਪਰ ਸਾਡੇ ਦਖਲ ਤੋਂ ਪਹਿਲਾਂ ਕਦਮ ਨਹੀਂ ਚੁੱਕੇ ਜਾਂਦੇ। ਅਦਾਲਤ ਨੇ ਇਹ ਵੀ ਕਿਹਾ ਕਿ ਇਹ ਮੁੱਦਾ ਰਾਜਨੀਤੀ ਦਾ ਮਾਮਲਾ ਨਹੀਂ ਹੈ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਨਾ ਰੱਖਣ ਲਈ ਸਾਰੀਆਂ ਰਾਜ ਸਰਕਾਰਾਂ ਜ਼ਿੰਮੇਵਾਰ ਹਨ।
(For more news apart from Punjab Paddy Crop, stay tuned to Rozana Spokesman)