‘ਫਿਲਮ ਪੰਜਾਬ 95 ਦੀ ਰਿਲੀਜਿੰਗ ਰੁਕਵਾਉਣ ਲਈ ਬੀਬੀ ਖਾਲੜਾ ਦੇ ਖੁਲਾਸੇ ਨੇ ਬਾਦਲਾਂ ਦਾ ਪੰਥਕ ਮਖੌਟਾ ਜੱਗ ਜਾਹਰ ਕੀਤਾ’
ਸਭ ਤੋਂ ਵੱਡੇ ਮਨੁੱਖੀ ਘਾਣ ਦਾ ਸ਼ਿਕਾਰ ਬਣੇ ਹਲਕਾ ਤਰਨਤਾਰਨ ਦੀ ਸੰਗਤ ਬਾਦਲ ਧੜੇ ਨੂੰ ਸਬਕ ਸਿਖਾਵੇਗੀ: ਜੱਥੇਦਾਰ ਵਡਾਲਾ
ਸ੍ਰੀ ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਕੱਤਰ ਜਨਰਲ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੈ ਕਿ, ਮਨੁੱਖੀ ਅਧਿਕਾਰਾਂ ਦੇ ਰਾਖੇ ਅਤੇ ਸਿੱਖ ਕੌਮ ਦੇ ਨਾਇਕ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਉੱਪਰ ਬਣੀ ਫਿਲਮ ਪੰਜਾਬ 95 ਨੂੰ ਲੈਕੇ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਕੀਤੇ ਵੱਡੇ ਖੁਲਾਸਿਆਂ ਨੇ ਸੱਚਮੁੱਚ ਸਿੱਖ ਕੌਮ ਨੂੰ ਹੈਰਾਨ ਕਰ ਦਿੱਤਾ ਹੈ। ਬੀਬੀ ਖਾਲੜਾ ਵੱਲੋਂ ਇੱਕ ਨਿੱਜੀ ਟੀਵੀ ਚੈਨਲ ਨਾਲ ਆਪਣੀ ਇੰਟਰਵਿਊ ਦੌਰਾਨ ਇਹ ਖੁਲਾਸਾ ਕਰਨਾ ਕਿ ਫਿਲਮ 95 ਨੂੰ ਰੁਕਵਾਉਣ ਲਈ ਬਾਦਲ ਧੜੇ ਨੇ ਸਕਰੀਨਿੰਗ ਕਮੇਟੀ (ਸੈਂਸਰ ਬੋਰਡ) ਨੂੰ ਚਿੱਠੀ ਲਿਖੀ, ਇਸ ਖੁਲਾਸੇ ਤੋਂ ਬਾਅਦ ਸਿੱਖ ਪੰਥ ਅਤੇ ਪੰਜਾਬ ਦੇ ਲੋਕ ਕਦੇ ਵੀ ਬਾਦਲ ਧੜੇ ਨੂੰ ਮੁਆਫ਼ ਨਹੀ ਕਰਨਗੇ।
ਜੱਥੇਦਾਰ ਵਡਾਲਾ ਨੇ ਕਿਹਾ ਕਿ ਫਿਲਮ ਨੂੰ ਰੋਕਣ ਲਈ ਚਿੱਠੀ ਲਿਖੇ ਜਾਣ ਦੀ ਗੱਲ ਦਿਲੋਂ ਚੋਟ ਪਹੁੰਚਾਉਣ ਵਾਲੀ ਹੈ ਅਤੇ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ,ਬਾਦਲ ਧੜੇ ਨੂੰ ਇਹਨਾਂ ਗੱਲਾਂ ਦੇ ਜਵਾਬ ਸਿੱਖ ਕੌਮ ਨੂੰ ਦੇਣੇ ਪੈਣਗੇ।
ਫ਼ਿਲਮ ਨੂੰ ਰੁਕਵਾਉਣ ਲਈ ਚਿੱਠੀ ਕਿਉਂ ਲਿਖੀ ਗਈ?
ਆਖਿਰਕਾਰ ਅਜਿਹਾ ਕਿਹੜਾ ਡਰ ਸੀ ਜਿਸ ਕਰਕੇ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਨੂੰ ਜਨਤਕ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ?
ਫ਼ਿਲਮ ਰਿਲੀਜ਼ ਹੋਣ ਤੇ ਕਿਹੜਾ ਸੱਚ ਸਾਹਮਣੇ ਆਉਂਦਾ ਸੀ, ਜਿਸ ਤੋਂ ਘਬਰਾਹਟ ਸੀ?
ਸਿੱਖ ਕੌਮ ਨੂੰ ਇਹ ਵੀ ਜਾਨਣਾ ਚਾਹੁੰਦੀ ਹੈ ਕਿ ਅਜਿਹੀ ਕਿਹੜੀ ਭੂਮਿਕਾ ਸੀ, ਜਿਹੜੀ ਪੰਥ–ਪੰਜਾਬ ਦੇ ਸਾਹਮਣੇ ਆਉਣ ਤੋਂ ਕਿਸੇ ਨੂੰ ਡਰ ਸੀ!
ਪੰਥ ਅਤੇ ਪੰਜਾਬ ਵਿਰੋਧੀ ਕਾਰਜਾਂ ਦੀ ਇਹ ਲੜੀ ਕਦੋਂ ਤੱਕ ਚੱਲਦੀ ਰਹੇਗੀ?
ਪਹਿਲਾਂ ਬਿਨਾਂ ਮੰਗੇ ਝੂਠੇ ਸਾਧ ਨੂੰ ਮੁਆਫ਼ੀਆਂ ਦਿਵਾਈਆਂ ਗਈਆਂ,ਸਿੱਖਾਂ ਦਾ ਸ਼ਿਕਾਰ ਖੇਡਣ ਵਾਲੇ ਸੁਮੇਧ ਸੈਣੀ ਵਰਗੇ ਅਫ਼ਸਰਾਂ ਨੂੰ ਡੀਜੀਪੀ ਲਗਾਇਆ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ, ਪੰਥ ਨੂੰ ਇਨਸਾਫ਼ ਤੋਂ ਦੂਰ ਕਰਨਾ ਅਤੇ ਇਨਸਾਫ਼ ਮੰਗ ਰਹੀ ਸੰਗਤ ਉੱਪਰ ਗੋਲੀ ਚਲਾਉਣ ਵਰਗੇ ਪਾਪ ਕਰਨ ਵਾਲਾ ਬਾਦਲ ਧੜਾ ਹੁਣ ਸਿੱਖ ਕੌਮ ਦੇ ਸ਼ਹੀਦ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਇੱਕ ਇਤਿਹਾਸਕ ਫਿਲਮ ਨੂੰ ਰੁਕਵਾਉਣ ਲਈ ਸਾਜ਼ਿਸ਼ ਕਰ ਚੁੱਕਾ ਹੈ। ਇਸ ਨੂੰ ਸਿੱਖ ਕੌਮ ਅਤੇ ਪੰਜਾਬ ਕਦੇ ਬਰਦਾਸ਼ਤ ਨਹੀਂ ਕਰੇਗਾ।
ਜੱਥੇਦਾਰ ਵਡਾਲਾ ਨੇ ਕਿਹਾ ਕਿ, ਭਾਈ ਜਸਵੰਤ ਸਿੰਘ ਖਾਲੜਾ ਦੀ ਲੜਾਈ ਸੱਚਾਈ, ਇਨਸਾਫ਼ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੀ। ਉਹਨਾਂ ਦੀ ਸ਼ਹਾਦਤ ਸਾਨੂੰ ਇਨਸਾਫ਼ ਲਈ ਖੜ੍ਹੇ ਰਹਿਣ ਦਾ ਦ੍ਰਿੜ ਸੁਨੇਹਾ ਦਿੰਦੀ ਹੈ। ਉਹਨਾਂ ਦੀ ਜੀਵਨੀ ਉੱਪਰ ਬਣੀ ਫਿਲਮ ਨੂੰ ਰੋਕਣ ਦੀ ਕੋਸ਼ਿਸ਼ ਸਿਰਫ਼ ਸੱਚ ਤੋਂ ਡਰ ਹੈ, ਇਹ ਗੱਲ ਸਿੱਖ ਕੌਮ ਸਪਸ਼ਟ ਤੌਰ ‘ਤੇ ਸਮਝਦੀ ਹੈ।
ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸਭ ਤੋਂ ਵੱਧ ਤਸ਼ੱਦਦ ਤਰਨਤਾਰਨ ਇਲਾਕੇ ਨੇ ਸਹੇ। ਉਸ ਸਮੇਂ ਦੀਆਂ ਦੁਖਾਂਤਕ ਘਟਨਾਵਾਂ ਸੱਚਾਈ ਅਤੇ ਸ਼ਹਾਦਤਾਂ ਨੂੰ ਤਰਨਤਾਰਨ ਦੀ ਧਰਤੀ ਕਦੇ ਨਹੀਂ ਵਿਸਾਰੇਗੀ। ਅੱਜ ਜਦੋਂ ਇਸ ਫ਼ਿਲਮ ਨੂੰ ਰੋਕਣ ਦੀ ਸਾਜ਼ਿਸ਼ ਬੇਨਕਾਬ ਹੋ ਰਹੀ ਹੈ, ਤਾਂ ਤਰਨਤਾਰਨ ਦੀ ਸੰਗਤ ਇਸ ਦਾ ਮੂੰਹ ਤੋੜ ਜਵਾਬ ਦੇਵੇਗੀ।
ਜੱਥੇਦਾਰ ਵਡਾਲਾ ਨੇ ਤਰਨਤਾਰਨ ਦੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ, ਵੋਟ ਪਾਉਣ ਤੋਂ ਪਹਿਲਾਂ ਕਿਰਦਾਰ ਦਾ ਫੈਸਲਾ ਜ਼ਰੂਰ ਕੀਤਾ ਜਾਵੇ। ਜਿਸ ਧਰਤੀ ਨੇ ਸਭ ਤੋਂ ਵੱਧ ਘਾਣ ਸਹੇ ਹਨ, ਤਰਨਤਾਰਨ ਦੀ ਪੰਥਕ ਧਰਤੀ ਸੱਚ, ਸ਼ਹਾਦਤ ਅਤੇ ਪੰਥਕ ਭਾਵਨਾਵਾਂ ਨਾਲ ਸਮਝੌਤਾ ਕਦੇ ਨਹੀਂ ਕਰੇਗੀ।
ਜੱਥੇਦਾਰ ਵਡਾਲਾ ਨੇ ਕਿਹਾ ਕਿ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸਦਾ ਹੀ ਸੱਚ, ਇਨਸਾਫ਼ ਅਤੇ ਪੰਥ ਦੀ ਅਸਲ ਭਾਵਨਾ ਨੂੰ ਸਾਹਮਣੇ ਲਿਆਉਣ ਲਈ ਵਚਨਬੱਧ ਹੈ। ਭਾਈ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਆਪਣੀ ਸ਼ਹਾਦਤ ਦਿੱਤੀ,ਇਸ ਮਹਾਨ ਸ਼ਹਾਦਤ ਤੇ ਬਣੀ ਫਿਲਮ ਨੂੰ ਪੰਜਾਬ ਬੇ ਸਬਰੀ ਨਾਲ ਉਡੀਕ ਰਿਹਾ ਹੈ।