ਪਟਿਆਲਾ: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਨਤਮਸਤਕ ਹੋ ਕੇ ਮੱਥਾ ਟੇਕਿਆ। ਮੰਦਰ ਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਦੇ ਘਰ ਤੋਂ ਜਦੋਂ ਬੁਲਾਵਾ ਆਉਂਦਾ ਹੈ, ਉਹ ਆਪ ਹੀ ਰਾਹ ਦਿਖਾਉਂਦਾ ਹੈ। ਅਰੋੜਾ ਨੇ ਕਿਹਾ ਕਿ ਉਹ ਇੱਥੇ ਆ ਕੇ ਪੰਜਾਬ ਦੇ ਲੋਕਾਂ ਲਈ ਚੜ੍ਹਦੀ ਕਲਾ ਅਤੇ ਸੁੱਖ-ਸ਼ਾਂਤੀ ਦੀ ਦੁਆ ਮੰਗਣ ਆਏ ਹਨ।
ਅਮਨ ਅਰੋੜਾ ਨੇ ਇਸ ਮੌਕੇ ਤੇ ਪੰਜਾਬ ਸਰਕਾਰ ਅਤੇ ਭਾਜਪਾ ਵੱਲੋਂ ਲਏ ਗਏ ਕੁਝ ਹਾਲੀਆ ਫ਼ੈਸਲਿਆਂ 'ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕੇਂਦਰ ਸਰਕਾਰ ਨੇ ਆਪਣੇ ਆਮ ਤਰੀਕੇ ਅਨੁਸਾਰ ਇੱਕ ਵਾਰ ਫਿਰ ਗਲਤ ਕਦਮ ਚੁੱਕਿਆ ਹੈ, ਜਿਸ ਕਾਰਨ ਪੰਜਾਬ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਗੁੱਸਾ ਪੈਦਾ ਹੋਇਆ ਹੈ। ਅਰੋੜਾ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਤੁਰੰਤ ਵਾਪਸ ਲਏ ਜਾਣ।
ਉਨ੍ਹਾਂ ਨੇ ਕਿਹਾ ਕਿ ਸੈਨੀ ਧਰਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਹੈ ਅਤੇ ਪਾਰਟੀ ਦੀ ਸਰਕਾਰ ਨੇ ਪਿਛਲੇ ਸਾਢੇ ਤਿੰਨ ਤੋਂ ਚਾਰ ਸਾਲਾਂ ਵਿੱਚ ਜੋ ਵਿਕਾਸਮੁੱਖ ਕੰਮ ਕੀਤੇ ਹਨ, ਉਹੀ ਉਨ੍ਹਾਂ ਦੀ ਸਭ ਤੋਂ ਵੱਡੀ ਪੂੰਜੀ ਹਨ। ਤਰਨਤਾਰਨ ਸਮੇਤ ਸਾਰੇ ਹਲਕਿਆਂ ਵਿੱਚ ਲੋਕਾਂ ਦਾ ਉਤਸ਼ਾਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੈ।
ਸੁਖਬੀਰ ਸਿੰਘ ਬਾਦਲ ਦੇ ਬਿਆਨਾਂ 'ਤੇ ਜਵਾਬ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਨੇ ਪਿਛਲੀਆਂ ਕਈ ਚੋਣਾਂ ਵਿੱਚ ਹਾਰ ਦੇ ਮੰਜ਼ਰ ਵੇਖੇ ਹਨ ਅਤੇ ਹੁਣ ਉਹ ਪਹਿਲਾਂ ਹੀ ਆਪਣੀ ਆਉਣ ਵਾਲੀ ਹਾਰ ਨੂੰ ਸਵੀਕਾਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਕੇਵਲ ਇਲਜ਼ਾਮ ਲਗਾਉਣਾ ਹੈ, ਜਦੋਂਕਿ ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਆਧਾਰ 'ਤੇ ਲੋਕਾਂ ਦੇ ਦਰ 'ਤੇ ਜਾ ਰਹੀ ਹੈ।
ਇਲੈਕਸ਼ਨ ਪ੍ਰਕਿਰਿਆ ਵਿੱਚ ਸਰਕਾਰੀ ਅਧਿਕਾਰੀਆਂ ਦੀਆਂ ਤਬਦੀਲੀਆਂ ਅਤੇ ਸਸਪੈਂਸ਼ਨਾਂ 'ਤੇ ਉਨ੍ਹਾਂ ਕਿਹਾ ਕਿ ਚੋਣਾਂ ਦੇ ਦੌਰਾਨ ਤਬਦੀਲੀਆਂ ਆਮ ਗੱਲ ਹੈ, ਪਰ ਇਸ ਵਾਰ ਜਿਹੜੇ ਐਕਸਟਰੀਮ ਕਦਮ ਲਏ ਗਏ ਹਨ, ਉਹ ਨਜਾਇਜ਼ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਦੇਸ਼ ਭਰ ਵਿੱਚ "ਵੋਟ ਚੋਰੀ ਦਾ ਖੇਡ" ਖੇਡ ਰਹੀ ਹੈ।
ਅੰਤ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਸੱਚ ਅਤੇ ਸੇਵਾ ਦੀ ਰਾਜਨੀਤੀ ਦਾ ਚੋਣ ਕਰਨਗੇ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਜਿੱਤ ਦਰਜ ਕਰੇਗੀ ਅਤੇ ਪੰਜਾਬ ਦੇ ਵਿਕਾਸ ਦਾ ਸਫ਼ਰ ਹੋਰ ਤੇਜ਼ੀ ਨਾਲ ਅੱਗੇ ਵਧੇਗਾ