Nawanshahr ਵਿਚ ਛੋਟਾ ਹਾਥੀ ਤੇ ਸਕੂਟੀ ਦੀ ਆਪਸ ਵਿਚ ਹੋਈ ਟੱਕਰ, ਔਰਤ ਸਣੇ ਦੋ ਦੀ ਮੌਤ
ਚਾਰ ਸਾਲਾ ਬੱਚੀ ਗੰਭੀਰ ਜ਼ਖ਼ਮੀ
ਨਵਾਂਸ਼ਹਿਰ : ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਲੰਗੜੋਆ ਵਿੱਚ ਸਕੂਟੀ ਅਤੇ ਛੋਟਾ ਹਾਥੀ ਦੀ ਟੱਕਰ ਵਿਚ ਇਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਸਾਲਾ ਬੱਚੀ ਜ਼ਖ਼ਮੀ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਥਾਣਾ ਮੂਖੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਦਸਿਆ ਕਿ ਸ਼ੁਕਰਵਾਰ ਦੇਰ ਸ਼ਾਮ ਨੂੰ ਪਿੰਡ ਲੰਗੜੋਆ ਨੇੜੇ ਇਕ ਸਕੂਟੀ ਅੱਗੇ ਆ ਰਹੇ ਛੋਟੇ ਹਾਥੀ ਨਾਲ ਟੱਕਰ ਹੋ ਗਈ, ਜਿਸ ਕਾਰਨ ਇਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਪੂਜਾ ਰਾਣੀ (28) ਪਤਨੀ ਵਾਸੀ ਪਿੰਡ ਰਾਮ ਰਾਏਪੁਰ ਅਪਣੀ 4 ਸਾਲ ਦੀ ਬੱਚੀ ਨਾਲ ਪਿੰਡ ਲੰਗੜੋਆ ਤੋਂ ਅਪਣੇ ਪਿੰਡ ਰਾਮ ਰਾਏਪੁਰ ਜਾਣ ਲਈ ਕਿਸੀ ਗੱਡੀ ਦੀ ਉਡੀਕ ਕਰ ਰਹੀ ਸੀ, ਇਸ ਦੌਰਾਨ ਉਨ੍ਹਾਂ ਦੇ ਪਿੰਡ ਦਾ ਗੁਆਂਢੀ ਬਲਬੀਰ ਰਾਜ (55) ਪੁੱਤਰ ਰਾਮ ਪ੍ਰਕਾਸ਼ ਅਪਣੀ ਸਕੂਟੀ ’ਤੇ ਉੱਥੇ ਪਹੁੰਚਿਆ।
ਗੁਆਂਢੀ ਹੋਣ ਕਰ ਕੇ ਔਰਤ ਨੇ ਪਿੰਡ ਜਾਣ ਲਈ ਬਲਬੀਰ ਰਾਜ ਤੋਂ ਲਿਫ਼ਟ ਲਈ। ਉਨ੍ਹਾਂ ਕਿਹਾ ਕਿ ਜਦੋਂ ਉਹ ਸਕੂਟਰੀ ’ਤੇ ਪਿੰਡ ਵਲ ਜਾ ਰਹੇ ਸਨ ਤਾਂ ਲੰਗੜੋਆ ਮੋੜ ’ਤੇ ਉਨ੍ਹਾਂ ਦੀ ਸਕੂਟੀ ਨਵਾਂਸ਼ਹਿਰ ਤੋਂ ਆ ਰਹੇ ਛੋਟਾ ਹਾਥੀ ਦੀ ਲਪੇਟ ਵਿਚ ਆ ਗਈ, ਜਿਸ ਨਾਲ ਪੂਜਾ ਅਤੇ ਸਕੂਟੀ ਸਵਾਰ ਬਲਬੀਰ ਰਾਜ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ, ਜਦਕਿ ਪੂਜਾ ਦੀ 4 ਸਾਲ ਦੀ ਲੜਕੀ ਜ਼ਖ਼ਮੀ ਹੋ ਗਈ।
ਇੰਸਪੈਕਟਰ ਅਸ਼ੋਕ ਨੇ ਦਸਿਆ ਕਿ ਜ਼ਖ਼ਮੀ ਲੜਕੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਪੂਜਾ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਇੰਸਪੈਕਟਰ ਅਸ਼ੋਕ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।