ਪੰਜਾਬ sc ਕਮਿਸ਼ਨ ਦੇ ਚੇਅਰਮੈਨ ਵੱਲੋਂ ਰਾਜਪਾਲ ਨਾਲ ਮੁਲਾਕਾਤ, ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਹੋਰ ਬਿਹਤਰ ਸਹਿਯੋਗ ਮੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2011 ਦੀ ਜਨਗਣਨਾ ਮੁਤਾਬਿਕ ਸੂਬੇ ਵਿੱਚ ਅਨੁਸੂਚਿਤ ਜਾਤੀਆਂ ਵਰਗ ਦੀ ਕੁੱਲ ਆਬਾਦੀ 32 ਫ਼ੀਸਦੀ ਬਣਦੀ

Punjab SC Commission Chairman meets Governor, seeks better cooperation for welfare of Scheduled Castes

ਚੰਡੀਗੜ੍ਹ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ  ਜਸਵੀਰ ਸਿੰਘ ਗੜ੍ਹੀ ਨੇ ਅੱਜ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ  ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਮੌਕੇ ਚੇਅਰਮੈਨ ਨਾਲ ਕਮਿਸ਼ਨ ਦੇ ਮੈਂਬਰ ਸ੍ਰੀ ਰੁਪਿੰਦਰ ਸਿੰਘ ਸ਼ੀਤਲ,  ਗੁਲਜ਼ਾਰ ਸਿੰਘ ਬੌਬੀ ਅਤੇ  ਗੁਰਪ੍ਰੀਤ ਸਿੰਘ ਇੱਟਾਂਵਾਲੀ ਮੌਜੂਦ ਸਨ।

ਮੀਟਿੰਗ ਦੌਰਾਨ ਚੇਅਰਮੈਨ  ਜਸਵੀਰ ਸਿੰਘ ਗੜ੍ਹੀ ਨੇ ਰਾਜਪਾਲ ਨਾਲ ਅਨੁਸੂਚਿਤ ਜਾਤੀਆਂ ਦੀ ਭਲਾਈ, ਸਸ਼ਕਤੀਕਰਨ ਅਤੇ ਸਮਾਜਿਕ-ਆਰਥਿਕ ਵਿਕਾਸ ਨਾਲ ਸਬੰਧਤ ਮਾਮਲਿਆਂ 'ਤੇ ਵਿਸਥਾਰਤ ਵਿਚਾਰ-ਵਟਾਂਦਰਾ ਕੀਤਾ।

ਇਸ ਦੌਰਾਨ ਗੜ੍ਹੀ ਨੇ ਰਾਜਪਾਲ ਨੂੰ ਦੱਸਿਆ ਕਿ 2011 ਦੀ ਜਨਗਣਨਾ ਮੁਤਾਬਿਕ ਸੂਬੇ ਵਿੱਚ ਅਨੁਸੂਚਿਤ ਜਾਤੀਆਂ ਵਰਗ ਦੀ ਕੁੱਲ ਆਬਾਦੀ 32 ਫ਼ੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ 2001 ਤੋਂ 2011 ਦਰਮਿਆਨ ਦੀ 26 ਫ਼ੀਸਦੀ ਦੀ ਔਸਤਨ ਵਾਧਾ ਦਰ ਦੇ ਹਿਸਾਬ ਨਾਲ ਸਾਲ 2025 ਵਿੱਚ ਅਨੁਸੂਚਿਤ ਵਰਗ ਦੀ ਆਬਾਦੀ ਕਰੀਬ 38 ਫ਼ੀਸਦੀ ਹੋ ਗਈ ਹੈ।

ਚੇਅਰਮੈਨ ਨੇ ਦਰਪੇਸ਼ ਚੁਣੌਤੀਆਂ ਬਾਰੇ ਡੂੰਘਾਈ ਨਾਲ ਚਰਚਾ ਕਰਦਿਆਂ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਲਈ ਵੱਖ-ਵੱਖ ਭਲਾਈ ਸਕੀਮਾਂ, ਵਿਦਿਅਕ ਪਹਿਲਕਦਮੀਆਂ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧੇਰੇ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਰਾਜਪਾਲ ਦਫ਼ਤਰ ਵੱਲੋਂ ਹੋਰ ਬਿਹਤਰ ਤਾਲਮੇਲ ਦੀ ਮੰਗ ਕੀਤੀ।

ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਮਿਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਮਾਜਿਕ ਨਿਆਂ ਅਤੇ ਸਮਾਨਤਾ ਲਈ ਰਾਜ ਭਵਨ ਅਤੇ ਕਮਿਸ਼ਨ ਦਫ਼ਤਰ ਦੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਦਾ ਖੁੱਲ੍ਹਦਿਲੀ ਨਾਲ ਸੱਦਾ ਦਿੱਤਾ।