50 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਲਈ ਸਵੈ-ਪ੍ਰਮਾਣੀਕਰਨ ਦੀ ਕੀਤੀ ਸ਼ੁਰੂਆਤ: ਸੰਜੀਵ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਈਨਮੈਨ ਟਰੇਡ ਵਿੱਚ 2,600 ਅਪ੍ਰੈਂਟਿਸਾਂ (ਇੰਟਰਨ) ਦੀ ਚੋਣ ਪ੍ਰਕਿਰਿਆ ਮੁਕੰਮਲ; ਜਲਦੀ ਸ਼ੁਰੂ ਹੋਵੇਗੀ ਸਿਖਲਾਈ

Self-certification launched for consumers with load up to 50 kW: Sanjeev Arora

ਚੰਡੀਗੜ੍ਹ: ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਹੈ ਕਿ ਲਾਈਨਮੈਨ ਟਰੇਡ ਵਿੱਚ 2,600 ਅਪ੍ਰੈਂਟਿਸ (ਇੰਟਰਨ) ਸਬੰਧੀ ਚੋਣ ਪ੍ਰਕਿਰਿਆ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ, ਜਿਸ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਲਈ 2,500 ਅਪ੍ਰੈਂਟਿਸ ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਲਈ 100 ਅਪ੍ਰੈਂਟਿਸ ਸ਼ਾਮਲ ਹਨ।

ਅਰੋੜਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਨੂੰ ਸਟਾਫ ਅਤੇ ਤਕਨੀਕੀ ਕੁਸ਼ਲਤਾ ਪੱਖੋਂ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ 2,106 (2,023 ਸਹਾਇਕ ਲਾਈਨਮੈਨ, 48 ਅੰਦਰੂਨੀ ਆਡੀਟਰ ਅਤੇ 35 ਮਾਲੀਆ ਲੇਖਾਕਾਰ) ਦੀ ਨਿਯੁਕਤੀ ਦੇ ਨਾਲ ਅਪ੍ਰੈਲ 2022 ਤੋਂ ਬਾਅਦ ਨਵੀਆਂ ਭਰਤੀਆਂ ਦੀ ਕੁੱਲ ਗਿਣਤੀ 8,984 ਹੋ ਗਈ ਹੈ ਜੋ ਕਿ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਸੂਬੇ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

"ਕਾਰੋਬਾਰ ਕਰਨ ਵਿੱਚ ਸੌਖ" ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੱਡੇ ਖਪਤਕਾਰ-ਪੱਖੀ ਸੁਧਾਰ ਵੱਲ ਕਦਮ ਵਧਾਉਂਦਿਆਂ, ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਨਵੇਂ ਬਿਜਲੀ ਕੁਨੈਕਸ਼ਨ ਪ੍ਰਾਪਤ ਕਰਨ ਅਤੇ ਲੋਡ ਸਮਰੱਥਾ ਵਿੱਚ ਤਬਦੀਲੀਆਂ ਸਬੰਧੀ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਗਿਆ ਹੈ।

ਇਸ ਕਦਮ ਬਾਰੇ ਜਾਣਕਾਰੀ ਦਿੰਦਿਆਂ ਅਰੋੜਾ ਨੇ ਕਿਹਾ ਕਿ ਨਵੀਂ ਪ੍ਰਣਾਲੀ ਦੇ ਤਹਿਤ, ਐਲ.ਟੀ. (ਲੋਅ ਟੈਂਸ਼ਨ) ਸ਼੍ਰੇਣੀ ਦੇ ਤਹਿਤ 50 ਕਿਲੋਵਾਟ ਤੱਕ ਦੇ ਲੋਡ ਵਿੱਚ ਨਵੇਂ ਕੁਨੈਕਸ਼ਨ ਜਾਂ ਤਬਦੀਲੀਆਂ ਦੀ ਮੰਗ ਕਰਨ ਵਾਲੇ ਬਿਨੈਕਾਰਾਂ ਜਾਂ ਖਪਤਕਾਰਾਂ ਨੂੰ ਕਿਸੇ ਲਾਇਸੰਸਸ਼ੁਦਾ ਇਲੈਕਟ੍ਰੀਕਲ ਠੇਕੇਦਾਰ ਤੋਂ ਕੋਈ ਟੈਸਟ ਰਿਪੋਰਟ ਜਾਂ ਇਮਾਰਤ ਵਿੱਚ ਬਿਜਲੀ ਸਬੰਧੀ ਵਿਵਸਥਾ ਲਈ ਕੋਈ ਸਵੈ-ਪ੍ਰਮਾਣੀਕਰਨ/ਦਸਤਖਤ ਕੀਤੇ ਦਸਤਾਵੇਜ਼ ਜਮ੍ਹਾ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਦੀ ਬਜਾਏ, ਆਨਲਾਈਨ ਅਰਜ਼ੀ ਫਾਰਮ ਵਿੱਚ ਇੱਕ ਘੋਸ਼ਣਾ ਹੋਵੇਗੀ ਜਿਸ ਵਿੱਚ ਬਿਨੈਕਾਰ ਘੋਸ਼ਣਾ ਕਰੇਗਾ "ਕਿ ਇਮਾਰਤ ਵਿੱਚ ਅੰਦਰੂਨੀ ਤਾਰਾਂ ਇੱਕ ਲਾਇਸੰਸਸ਼ੁਦਾ ਇਲੈਕਟ੍ਰੀਕਲ ਠੇਕੇਦਾਰ/ਸਰਕਾਰ ਦੇ ਮਨੋਨੀਤ ਅਧਿਕਾਰੀ ਵੱਲੋਂ ਲਗਾਈਆਂ ਗਈਆਂ ਹਨ ਅਤੇ ਟੈਸਟ ਕੀਤਾ ਗਿਆ ਹੈ ਅਤੇ ਟੈਸਟ ਸਰਟੀਫਿਕੇਟ ਬਿਨੈਕਾਰ ਕੋਲ ਉਪਲਬਧ ਹੈ।" ਜ਼ਿਕਰਯੋਗ ਹੈ ਕਿ, PSPCL (AP ਨੂੰ ਛੱਡ ਕੇ) ਵਿੱਚ 50KW ਤੋਂ ਘੱਟ ਲੋਡ ਵਾਲੇ ਕੁੱਲ ਕੁਨੈਕਸ਼ਨ 99.5% ਤੋਂ ਵੱਧ ਹਨ।

ਉਹਨਾਂ ਕਿਹਾ ਕਿ ਐਲ.ਟੀ. ਸਪਲਾਈ 'ਤੇ 50 ਕਿਲੋਵਾਟ ਤੋਂ ਵੱਧ ਲੋਡ ਵਾਲੇ ਖਪਤਕਾਰਾਂ ਲਈ, ਟੈਸਟ ਰਿਪੋਰਟ ਜਮ੍ਹਾ ਕਰਨਾ ਲਾਜ਼ਮੀ ਰਹੇਗੀ, ਪਰ ਪੀਐਸਪੀਸੀਐਲ ਅਧਿਕਾਰੀਆਂ ਨੂੰ ਅਜਿਹੀਆਂ ਰਿਪੋਰਟਾਂ ਦੀ ਪੁਸ਼ਟੀ ਕਰਨ ਦੀ ਲੋੜ ਨਹੀਂ ਹੋਵੇਗੀ। ਇਸੇ ਤਰ੍ਹਾਂ, ਸਾਰੇ ਨਵੇਂ ਐਚ.ਟੀ. (ਹਾਈ ਟੈਂਸ਼ਨ) ਅਤੇ ਈ.ਐਚ.ਟੀ. (ਐਕਸਟਰਾ ਹਾਈ ਟੈਂਸ਼ਨ) ਬਿਨੈਕਾਰਾਂ ਲਈ, ਚੀਫ ਇਲੈਕਟ੍ਰੀਕਲ ਇੰਸਪੈਕਟਰ (ਸੀਈਆਈ) ਵੱਲ ਨਿਰੀਖਣ ਰਿਪੋਰਟ ਲਾਜ਼ਮੀ ਰਹੇਗੀ; ਹਾਲਾਂਕਿ, ਟੈਸਟ ਰਿਪੋਰਟ ਜਮ੍ਹਾ ਕਰਨਾ ਹੁਣ ਜ਼ਰੂਰੀ ਨਹੀਂ ਹੋਵੇਗਾ।

ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਲੋਡ ਐਕਸਟੈਂਸ਼ਨ ਦੀ ਮੰਗ ਕਰਨ ਵਾਲੇ ਮੌਜੂਦਾ ਐਚ.ਟੀ./ਈ.ਐਚ.ਟੀ. ਖਪਤਕਾਰਾਂ ਦੀ ਸ਼੍ਰੇਣੀ ਵਿੱਚ, ਸੀਈਆਈ ਨਿਰੀਖਣ ਸਿਰਫ਼ ਉਦੋਂ ਹੀ ਲੋੜੀਂਦਾ ਹੋਵੇਗਾ ਜਦੋਂ ਇੱਕ ਨਵਾਂ ਟ੍ਰਾਂਸਫਾਰਮਰ ਲਗਾਇਆ ਜਾਵੇਗਾ। ਹੋਰ ਸਾਰੇ ਮਾਮਲਿਆਂ ਵਿੱਚ, ਸੀਈਆਈ ਪ੍ਰਮਾਣੀਕਰਣ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਫੈਸਲਾ ਪ੍ਰਕਿਰਿਆ ਵਿੱਚ ਹੋਣ ਵਾਲੀ ਦੇਰੀ ਨੂੰ ਘਟਾਏਗਾ, ਪਾਰਦਰਸ਼ਤਾ ਵਧਾਏਗਾ ਅਤੇ ਕੁਨੈਕਸ਼ਨ ਜਲਦ ਜਾਰੀ ਕਰਨ ਦੇ ਸਮੱਰਥ ਬਣਾਏਗਾ।

ਬਿਜਲੀ ਮੰਤਰੀ ਨੇ ਕਿਹਾ ਕਿ ਬਿਨੈਕਾਰ/ਖਪਤਕਾਰ ਵੱਲੋਂ ਨਵਾਂ ਕੁਨੈਕਸ਼ਨ/ਵਾਧੂ ਲੋਡ/ਮੰਗ/ਨਾਮ ਬਦਲਣ ਆਦਿ ਲਈ ਲਾਇਸੰਸਸ਼ੁਦਾ ਬਿਜਲੀ ਠੇਕੇਦਾਰ ਰਾਹੀਂ ਜਮ੍ਹਾਂ ਕਰਵਾਈ ਗਈ ਟੈਸਟ ਰਿਪੋਰਟ (ਜਿੱਥੇ ਵੀ ਲਾਗੂ ਹੋਵੇ) ਦੀ ਤਸਦੀਕ ਪੀਐਸਪੀਸੀਐਲ ਵੱਲੋਂ ਨਹੀਂ ਕੀਤੀ ਜਾਵੇਗੀ।

ਬਿਜਲੀ ਮੰਤਰੀ ਨੇ ਦੁਹਰਾਇਆ ਕਿ ਸੁਰੱਖਿਆ ਨਿਯਮਾਂ ਦੀ ਪਾਲਣਾ ਪ੍ਰਮੁੱਖ ਤਰਜੀਹ ਰਹੇਗੀ। ਸਾਰੇ ਮੌਜੂਦਾ ਐਚ.ਟੀ./ਈ.ਐਚ.ਟੀ. ਖਪਤਕਾਰ ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੀਈਆਈ ਵੱਲੋਂ ਦੁਆਰਾ ਸਾਲਾਨਾ ਨਿਰੀਖਣ ਕਰਵਾਉਂਦੇ ਰਹਿਣਗੇ।

ਉਨ੍ਹਾਂ ਅੱਗੇ ਕਿਹਾ ਕਿ ਇਹ ਹਦਾਇਤਾਂ ਏ.ਪੀ. (ਖੇਤੀਬਾੜੀ ਬਿਜਲੀ) ਸ਼੍ਰੇਣੀ ਦੇ ਖਪਤਕਾਰਾਂ ਲਈ ਲਾਗੂ ਨਹੀਂ ਹੋਣਗੀਆਂ।

ਇਸ ਸੁਧਾਰ ਨੂੰ ਕੁਸ਼ਲਤਾ ਅਤੇ ਵਿਸ਼ਵਾਸ-ਅਧਾਰਤ ਪ੍ਰਸ਼ਾਸਨ ਵੱਲ ਇੱਕ ਪ੍ਰਗਤੀਸ਼ੀਲ ਕਦਮ ਦੱਸਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਇਹ ਕਦਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਵਿੱਚ ਖਪਤਕਾਰ-ਪੱਖੀ, ਪਾਰਦਰਸ਼ੀ ਅਤੇ ਸਮਾਂਬੱਧ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ।

ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਕੋਲ ਹੁਣ ਲਗਭਗ 30,000 ਕਰਮਚਾਰੀਆਂ ਹਨ ਅਤੇ ਅਪ੍ਰੈਂਟਿਸ ਐਕਟ, 1961 ਦੇ ਮੁਤਾਬਕ 30 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੀ ਹਰੇਕ ਸੰਸਥਾ ਨੂੰ ਕੁੱਲ ਸਟਾਫ ਦੇ 2.5 ਫੀਸਦ ਤੋਂ 15 ਫੀਸਦ ਤੱਕ ਅਪ੍ਰੈਂਟਿਸ (ਇੰਟਰਨ) ਨੂੰ ਨਿਯੁਕਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਸਬੰਧ ਵਿੱਚ, ਪੀਐਸਪੀਸੀਐਲ ਨੇ ਵਿੱਤੀ ਸਾਲ 2025-26 ਲਈ ਅਪ੍ਰੈਂਟਿਸ (ਇੰਟਰਨ) ਦੀ ਚੋਣ ਮੁਕੰਮਲ ਕਰ ਲਈ ਹੈ, ਜਿਸ ਨਾਲ ਨੌਜਵਾਨਾਂ ਦੇ ਹੁਨਰ ਵਿਕਾਸ ਅਤੇ ਭਵਿੱਖ ਦੇ ਰੁਜ਼ਗਾਰ ਲਈ ਰਾਹ ਪੱਧਰਾ ਕਰਦੇ ਹੋਏ ਕੌਮੀ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਉਹਨਾਂ ਦੱਸਿਆ ਕਿ ਲਾਈਨਮੈਨ ਟ੍ਰੇਡ ਵਿੱਚ ਇੱਕ ਸਾਲ ਦੀ ਅਪ੍ਰੈਂਟਿਸਸ਼ਿਪ ਸਿਖਲਾਈ ਲਈ, ਯੋਗ ਉਮੀਦਵਾਰਾਂ ਨੂੰ ਮੈਟ੍ਰਿਕ ਪਾਸ ਹੋਣਾ ਚਾਹੀਦਾ ਹੈ, ਮੈਟ੍ਰਿਕ ਪੱਧਰ ਤੱਕ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਅਤੇ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਟ੍ਰੇਡ ਵਿੱਚ ਆਈ.ਟੀ.ਆਈ. ਯੋਗਤਾ ਹੋਣੀ ਚਾਹੀਦੀ ਹੈ। ਚੋਣ ਪ੍ਰਕਿਰਿਆ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਰਾਹੀਂ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਨੂੰ ਪ੍ਰਵਾਨਿਤ ਸ਼ਡਿਊਲ ਅਨੁਸਾਰ ਪ੍ਰੈਕਟੀਕਲ ਅਤੇ ਸਿਧਾਂਤਕ ਸਿਖਲਾਈ ਲਈ ਵੱਖ-ਵੱਖ ਡਿਵੀਜ਼ਨਾਂ ਵਿੱਚ ਭੇਜਿਆ ਜਾਂਦਾ ਹੈ। ਸਿਖਲਾਈ ਦੌਰਾਨ ਉਨ੍ਹਾਂ ਨੂੰ 7700 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ।

ਬਿਜਲੀ ਮੰਤਰੀ ਨੇ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ, 1,500 ਅਪ੍ਰੈਂਟਿਸਾਂ (ਇੰਟਰਨਾਂ) ਨੇ ਅਕਤੂਬਰ 2024 ਵਿੱਚ ਸਫਲਤਾਪੂਰਵਕ ਆਪਣੀ ਸਿਖਲਾਈ ਮੁਕੰਮਲ ਕੀਤੀ ਸੀ। ਇਸ ਸਫਲਤਾ ਦੇ ਆਧਾਰ 'ਤੇ, ਨਵੇਂ ਬੈਚ ਲਈ 52-ਹਫ਼ਤਿਆਂ ਦਾ ਸਿਖਲਾਈ ਪ੍ਰੋਗਰਾਮ ਚਲਾਇਆ ਜਾਵੇਗਾ ਅਤੇ ਇਹ ਸਿਖਲਾਈ ਪ੍ਰੋਗਰਾਮ ਉਹਨਾਂ ਨੂੰ ਸਿਧਾਂਤਕ ਗਿਆਨ ਅਤੇ ਵਿਹਾਰਕ ਹੁਨਰ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।

ਬਿਜਲੀ ਮੰਤਰੀ ਨੇ ਦੱਸਿਆ ਕਿ ਸਿਖਲਾਈ ਪਾਠਕ੍ਰਮ ਵਿੱਚ ਜ਼ਰੂਰੀ ਸੁਰੱਖਿਆ ਅਤੇ ਤਕਨੀਕੀ ਪਾਠ ਸ਼ਾਮਲ ਹੋਣਗੇ - ਜਿਸ ਵਿੱਚ ਨਿੱਜੀ ਸੁਰੱਖਿਆ ਉਪਕਰਣ (ਪੀ.ਪੀ.ਈ.), ਮੁੱਢਲੀ ਸਹਾਇਤਾ ਤਕਨੀਕਾਂ ਅਤੇ ਹਾਈ-ਟੈਂਸ਼ਨ (ਐਚ.ਟੀ.) ਅਤੇ ਲੋਅ ਟੈਂਸ਼ਨ (ਐਲ.ਟੀ.) ਲਾਈਨਾਂ 'ਤੇ ਸੁਰੱਖਿਅਤ ਕੰਮ ਕਰਨ ਦੇ ਅਭਿਆਸ ਸ਼ਾਮਲ ਹਨ। ਅਗਲੇ ਹਫ਼ਤਿਆਂ ਵਿੱਚ, ਸਿਖਿਆਰਥੀ ਵੋਲਟੇਜ, ਕਰੰਟ ਅਤੇ ਵਿਰੋਧ ਦਾ ਮਾਪ, ਐਚ.ਟੀ. /ਐਲ.ਟੀ. ਲਾਈਨਾਂ ਦੀ ਸਥਾਪਨਾ ਅਤੇ ਰੱਖ-ਰਖਾਅ, ਕੇਬਲ ਜੋੜਨ, ਅਰਥਿੰਗ ਸਿਸਟਮ ਅਤੇ ਮੀਟਰ ਲਗਾਉਣ ਬਾਰੇ ਸਿੱਖਣਗੇ। ਉੱਨਤ ਮਾਡਿਊਲਾਂ ਵਿੱਚ ਨੁਕਸ ਖੋਜਣਾ, ਟ੍ਰਾਂਸਫਾਰਮਰ ਦੇ ਰੱਖ-ਰਖਾਅ, ਲਾਈਨਾਂ ਦੀ ਗਸ਼ਤ ਅਤੇ ਤੂਫਾਨ ਜਾਂ ਬਾਰਿਸ਼ ਤੋਂ ਬਾਅਦ ਐਮਰਜੈਂਸੀ ਪ੍ਰਤੀਕਿਰਿਆ ਸ਼ਾਮਲ ਹੈ।

ਸਿਖਲਾਈ ਦੌਰਾਨ, ਅਪ੍ਰੈਂਟਿਸ (ਇੰਟਰਨ) ਤਜਰਬੇਕਾਰ ਪੀਐਸਪੀਸੀਐਲ ਕਰਮਚਾਰੀਆਂ ਦੀ ਨਿਗਰਾਨੀ ਹੇਠ ਕੰਮ ਕਰਨਗੇ, ਆਪਣੇ ਸੁਪਰਵਾਈਜ਼ਰਾਂ ਵੱਲੋਂ ਹਫਤਾਵਾਰੀ ਚੈੱਕ ਕੀਤੀਆਂ ਜਾਣ ਵਾਲੀਆਂ ਰੋਜ਼ਾਨਾ ਡਾਇਰੀਆਂ ਨੂੰ ਬਰਕਰਾਰ ਰੱਖਣਗੇ। ਸਿਖਲਾਈ ਸਫਲਤਾਪੂਰਵਕ ਮੁਕੰਮਲ ਹੋਣ 'ਤੇ, ਉਮੀਦਵਾਰਾਂ ਦਾ ਸਿਧਾਂਤਕ ਅਤੇ ਵਿਵਹਾਰਕ ਮੁਲਾਂਕਣਾਂ ਰਾਹੀਂ ਮੁਲਾਂਕਣ ਕੀਤਾ ਜਾਵੇਗਾ, ਜਿਸ ਤੋਂ ਬਾਅਦ ਨੈਸ਼ਨਲ ਅਪ੍ਰੈਂਟਿਸਸ਼ਿਪ ਕੌਂਸਲ (ਐਨਏਸੀ), ਨਵੀਂ ਦਿੱਲੀ ਵੱਲੋਂ ਸਰਟੀਫਿਕੇਟ ਜਾਰੀ ਕੀਤੇ ਜਾਣਗੇ।

ਇਸ ਪਹਿਲਕਦਮੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਸ੍ਰੀ ਅਰੋੜਾ ਨੇ ਕਿਹਾ, "ਇਹ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਨਾ ਸਿਰਫ਼ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤਕਨੀਕੀ ਹੁਨਰਾਂ ਨਾਲ ਲੈਸ ਕਰਦਾ ਹੈ ਬਲਕਿ ਬਿਜਲੀ ਖੇਤਰ ਲਈ ਸਿਖਲਾਈ ਪ੍ਰਾਪਤ ਸਟਾਫ ਦੀ ਸਿੱਧੀ ਭਰਤੀ ਨੂੰ ਵੀ ਯਕੀਨੀ ਬਣਾਉਂਦਾ ਹੈ। ਇਹ ਪ੍ਰੋਗਰਾਮ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਸਾਡੇ ਨੌਜਵਾਨ ਨੌਕਰੀ ਲਈ ਤਿਆਰ, ਕੁਸ਼ਲ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹਨ।"

ਉਨ੍ਹਾਂ ਅੱਗੇ ਕਿਹਾ ਕਿ ਲਾਈਨਮੈਨ ਟਰੇਡ ਵਿੱਚ ਅਪ੍ਰੈਂਟਿਸਸ਼ਿਪ ਸਿਖਲਾਈ ਦਾ ਸਫਲਤਾਪੂਰਵਕ ਮੁਕੰਮਲ ਹੋਣਾ ਪੀਐਸਪੀਸੀਐਲ ਵਿੱਚ ਸਹਾਇਕ ਲਾਈਨਮੈਨ (ਏਐਲਐਮ) ਦੇ ਅਹੁਦੇ ਲਈ ਮੁੱਢਲੀ ਯੋਗਤਾ ਮਾਪਦੰਡ ਨੂੰ ਦਰਸਾਉਂਦਾ ਹੈ ਅਤੇ ਅਪ੍ਰੈਂਟਿਸ (ਇੰਟਰਨ) ਨੂੰ ਬਿਜਲੀ ਖੇਤਰ ਵਿੱਚ ਇੱਕ ਸਪਸ਼ਟ ਅਤੇ ਯੋਗਤਾ-ਅਧਾਰਤ ਕਰੀਅਰ ਤਰੱਕੀ ਪ੍ਰਦਾਨ ਕਰਦਾ ਹੈ।