ਜਦੋਂ ਮੁਹੰਮਦ ਸਦੀਕ ਨੂੰ ਆਉਣ ਲੱਗੇ ਅਫ਼ਸੋਸ ਦੇ ਫ਼ੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਪਿਛਲੇ ਚਾਰ ਦਹਾਕਿਆਂ ਤੋਂ ਰਾਜ ਕਰਦੇ ਆ ਰਹੇ ਸਾਬਕਾ ਵਿਧਾਇਕ ਅਤੇ ਲੋਕ ਗਾਇਕ ਮੁਹੰਮਦ ਸਦੀਕ..........

Mohammad Sadiq

ਬਾਘਾ ਪੁਰਾਣਾ : ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਪਿਛਲੇ ਚਾਰ ਦਹਾਕਿਆਂ ਤੋਂ ਰਾਜ ਕਰਦੇ ਆ ਰਹੇ ਸਾਬਕਾ ਵਿਧਾਇਕ ਅਤੇ ਲੋਕ ਗਾਇਕ ਮੁਹੰਮਦ ਸਦੀਕ ਦੇ ਹਮਸ਼ਕਲ ਮੋਗਾ ਨਿਵਾਸੀ 'ਮਿੰਨੀ ਸਦੀਕ' ਦੀ ਹੋਈ ਮੌਤ ਦੀ ਖ਼ਬਰ ਜਿਉਂ ਹੀ ਸ਼ੋਸਲ ਮੀਡੀਆ 'ਤੇ ਵਾਇਰਲ ਹੋਈ ਤਾਂ ਇਸ ਤੋਂ ਤੁਰੰਤ ਮਗਰੋਂ ਮੁਹੰਮਦ ਸਦੀਕ ਨੂੰ ਅਫ਼ਸੋਸ ਦੇ ਫ਼ੋਨ ਆਉਣ ਲੱਗ ਪਏ। ਇਥੇ ਹੀ ਬਸ ਨਹੀਂ ਸੋਸ਼ਲ ਮੀਡੀਆ ਨਾਲ ਜੁੜੇ ਲੋਕਾਂ ਨੇ ਬਿਨਾ ਕੁੱਝ ਦੇਖੇ ਹੀ ਮੁਹੰਮਦ ਸਦੀਕ ਦੀ ਮੌਤ ਸਬੰਧੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨੀ ਸ਼ੁਰੂ ਕਰ ਦਿਤੀ। 

ਦਰਅਸਲ ਮਿੰਨੀ ਸਦੀਕ ਦੇ ਨਾਮ ਨਾਲ ਪ੍ਰਸਿੱਧ ਮੋਗਾ ਦੇ ਪਿੰਡ ਲੰਢੇਕੇ ਦੇ ਨਿਵਾਸੀ ਗੁਰਬਚਨ ਸਿੰਘ ਵੀ ਮੁਹੰਮਦ ਸਦੀਕ ਦੀਆਂ ਕੋਰੋਗ੍ਰਾਫ਼ੀਆਂ ਸਟੇਜਾਂ ਤੋਂ ਕਰਦੇ ਸਨ। 
ਜਾਣਕਾਰੀ ਅਨੁਸਾਰ ਮਿੰਨੀ ਸਦੀਕ ਦੀ ਕਪੜੇ ਪਹਿਨਣ ਅਤੇ ਪੱਗ ਬੰਨ੍ਹਣ ਦਾ ਰੰਗ ਢੰਗ ਵੀ ਪੂਰੀ ਤਰ੍ਹਾਂ ਮੁਹੰਮਦ ਸਦੀਕ ਨਾਲ ਮੇਲ ਖਾਂਦਾ ਸੀ ਜਿਸ ਕਰ ਕੇ ਸੰਗੀਤ ਪ੍ਰੇਮੀਆਂ 'ਚ ਭੰਬਲਭੂਸਾ ਪੈਦਾ ਹੋ ਗਿਆ।

ਦੂਜੇ ਪਾਸੇ ਸਾਬਕਾ ਵਿਧਾਇਕ ਅਤੇ ਲੋਕ ਗਾਇਕ ਮੁਹੰਮਦ ਸਦੀਕ ਨੇ ਸ਼ਾਮ ਵੇਲੇ ਸੋਸ਼ਲ ਮੀਡੀਆ 'ਤੇ ਵੀਡੀਉ ਪਾ ਕੇ ਸਪੱਸ਼ਟ ਕੀਤਾ ਹੈ, 'ਮੈਂ ਹਾਲੇ ਜਿੰਦਾ ਹਾਂ।' ਉਨ੍ਹਾਂ ਕਿਹਾ ਕਿ ਅੱਜ ਸਵੇਰ ਤੋਂ ਹੀ ਸੰਗੀਤ ਪ੍ਰੇਮੀ ਉਨ੍ਹਾਂ ਦਾ ਫ਼ੋਨ 'ਤੇ ਹਾਲ-ਚਾਲ ਪੁੱਛ ਰਹੇ ਹਨ। ਉਨ੍ਹਾਂ ਅਜਿਹੀਆਂ ਖ਼ਬਰਾਂ ਵਾਇਰਲ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਅਜਿਹਾ ਨਾ ਕੀਤਾ ਜਾਵੇ ਕਿਉਂਕਿ ਇਸ ਤਰ੍ਹਾਂ ਨਾਲ ਸਾਡੇ ਚਾਹੁਣ ਵਾਲਿਆਂ ਅਤੇ ਸਕੇ ਸਬੰਧੀਆਂ ਨੂੰ ਦੁਖ ਲਗਦਾ ਹੈ।