ਹਵਾਰਾ ਨੂੰ ਇੱਕ ਵਾਰ ਫਿਰ ਮਿਲੀ ਵੱਡੀ ਰਾਹਤ, 37ਵੇਂ ਕੇਸ ਵਿਚੋਂ ਵੀ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੈਰੋਲ ਪਾਉਣ ਲਈ ਹੋਇਆ ਰਾਹ ਪੱਧਰਾ ਛੇ ਕੇਸਾਂ ਵਿਚ ਹੋਈ ਸੀ ਸਜ਼ਾ, ਇਨ੍ਹਾਂ ਵਿਚੋਂ ਵੀ ਪੰਜ ਦੀ ਸਜ਼ਾ ਖ਼ਤਮ

jagtar singh hawara

ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ): ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਵਿਰੁਧ ਚਲਦੇ ਸਾਰੇ ਕੇਸਾਂ ਦਾ ਫ਼ੈਸਲਾ ਆ ਗਿਆ ਹੈ।ਆਖ਼ਰੀ ਤੇ 37ਵੇਂ ਘੰਟਾ ਘਰ ਬੰਬ ਧਮਾਕਾ ਕੇਸ ਵਿਚੋਂ ਵੀ ਉਹ ਬਰੀ ਹੋ ਗਿਆ ਹੈ। ਕੁਲ 37 ਕੇਸਾਂ ਵਿਚੋਂ ਉਸ ਨੂੰ ਛੇ ਵਿਚ ਸਜ਼ਾ ਹੋਈ ਸੀ ਜਿਨ੍ਹਾਂ ਵਿਚੋਂ ਪੰਜ ਦੀ ਸਜ਼ਾ ਉਹ ਪੂਰੀ ਕਰ ਚੁਕਾ ਹੈ ਤੇ ਇਕ ਵਿਚ ਤਾ ਉਮਰ ਕੈਦ ਹੋਣ ਕਰ ਕੇ ਆਖ਼ਰੀ ਸਾਹ ਤਕ ਜੇਲ ਦੀਆਂ ਸਲਾਖਾਂ ਪਿਛੇ ਬੰਦ ਰਹਿਣਾ ਪਵੇਗਾ।ਘੰਟਾ ਘਰ ਬੰਬ ਧਮਾਕੇ ਵਿਚ 23 ਜਣੇ ਜ਼ਖ਼ਮੀ ਹੋਏ ਸਨ।

ਜੁਡੀਸ਼ੀਅਲ ਮੈਜਿਸਟਰੇਟ ਦਰਜਾ ਅੱਵਲ ਲੁਧਿਆਣਾ ਵਰਿੰਦਰ ਕੁਮਾਰ ਵਲੋਂ ਅੱਜ ਘੰਟਾ ਘਰ ਬੰਬ ਧਮਾਕਾ ਕੇਸ ਦਾ ਫ਼ੈਸਲਾ ਸੁਣਾਇਆ ਗਿਆ ਹੈ। ਇਸ ਮਾਮਲੇ ਵਿਚ ਹਵਾਰਾ ਸਮੇਤ ਪੰਜ ਵਿਰੁਧ 6 ਦਸੰਬਰ 1995 ਨੂੰ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਦੋ ਪ੍ਰੀਤਮ ਸਿੰਘ ਤੇ ਬਲਵਿੰਦਰ ਸਿੰਘ ਨੂੰ ਭਗੌੜਾ ਨੂੰ ਕਰਾਰ ਦਿਤਾ ਗਿਆ ਸੀ ਜਦਕਿ ਬਿਕਰਮਜੀਤ ਸਿੰਘ ਅਤੇ ਪਰਮਜੀਤ ਸਿੰਘ ਨੂੰ ਪਹਿਲਾਂ ਹੀ ਡਿਸਚਾਰਜ ਕਰ ਦਿਤਾ ਗਿਆ ਸੀ।

ਪੁਲਿਸ ਵਲੋਂ ਅਦਾਲਤ ਵਿਚ ਚਲਾਨ ਪੰਜ ਅਗੱਸਤ 1996 ਨੂੰ ਪੇਸ਼ ਕਰ ਦਿਤਾ ਗਿਆ ਸੀ ਅਤੇ ਕੁਲ 23 ਗਵਾਹਾਂ ਦੇ ਬਿਆਨ ਲਏ ਗਏ ਸਨ। ਦੋਸ਼ੀਆਂ ਵਿਰੁਧ 12 ਮਈ 2017 ਨੂੰ ਦੋਸ਼ ਆਇਦ ਕੀਤੇ ਗਏ ਸਨ। ਕੇਸ ਦੀ ਸੁਣਵਾਈ 24 ਅਪ੍ਰੈਲ 2019 ਨੂੰ ਮੁਕੰਮਲ ਹੋ ਗਈ ਸੀ ਪਰ ਫ਼ੈਸਲਾ ਅੱਜ ਸੁਣਾਇਆ ਗਿਆ ਹੈ।
ਹਵਾਰਾ, ਤੇਹਾੜ ਜੇਲ ਦਿੱਲੀ ਵਿਚ ਬੰਦ ਹੈ।

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਉਸ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਾਅਦ ਵਿਚ ਤਾਉਮਰ ਕੈਦ ਵਿਚ ਬਦਲ ਦਿਤਾ ਸੀ। ਕੇਸ ਦੇ ਦੂਜੇ ਦੋਸ਼ੀਆਂ ਵਿਚੋਂ ਬਲਵੰਤ ਸਿੰਘ ਰਾਜੋਆਣਾ ਕੇਂਦਰੀ ਜੇਲ ਪਟਿਆਲਾ ਵਿਚ ਫਾਂਸੀ ਦੀ ਸਜ਼ਾ ਯਾਫ਼ਤਾ ਹੈ। ਦੋ ਮੁਲਜ਼ਮ ਬਰੀ ਕਰ ਦਿਤੇ ਗਏ ਸਨ ਜਦਕਿ ਬਾਕੀ ਦੇ ਸਾਰੇ ਤਾਉਮਰ ਲਈ ਜੇਲ ਵਿਚ ਬੰਦ ਹਨ।

ਭਾਈ ਹਵਾਰਾ ਦੇ ਵਕੀਲ ਹਰਬੰਸ ਸਿੰਘ ਮੰਝਪੁਰ ਨੇ ਕਿਹਾ ਕਿ ਇਸ ਕੇਸ ਦਾ ਫ਼ੈਸਲਾ ਆਉਣ ਤੋਂ ਬਾਅਦ ਹਵਾਰਾ ਲਈ ਪੈਰੋਲ ਦੀ ਅਰਜ਼ੀ ਦਾਇਰ ਕੀਤੀ ਜਾਵੇਗੀ। ਕਾਨੂੰਨ ਮੁਤਾਬਕ ਉਹ ਪੈਰੋਲ ਦਾ ਹੱਕਦਾਰ ਹੈ ਪਰ ਇਸ ਤੋਂ ਪਹਿਲਾ ਸਾਰੇ ਕੇਸਾਂ ਦੇ ਫ਼ੈਸਲੇ ਦੀ ਕਾਪੀ ਜੇਲ ਅਧਿਕਾਰੀਆਂ ਕੋਲ ਪੇਸ਼ ਕਰਨੀ ਪਵੇਗੀ।