‘ਖੇਤੀ ਕਾਨੂੰਨ ਸਹੀ ਬਣਾਏ’ ਵਾਲੀ ਮੁਹਾਰਨੀ ਛੱਡਣ ਨੂੰ ਤਿਆਰ ਨਹੀਂ ਹੋ ਰਹੀ ਕੇਂਦਰ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਕਿਸਾਨਾਂ ਦੇ ਹਰ ਇਤਰਾਜ਼ ’ਤੇ ਗੱਲਬਾਤ ਲਈ ਤਿਆਰ : ਨਰਿੰਦਰ ਤੋਮਰ

Narendra Tomar

ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੀਆਂ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਪੇਚ ਫਸਦਾ ਵਿਖਾਈ ਦੇ ਰਿਹਾ ਹੈ। ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ’ਤੇ ਅੜੀਆਂ ਹੋਈਆਂ ਹਨ ਜਦਕਿ ਕੇਂਦਰ ਸਰਕਾਰ ਅਜੇ ਵੀ ‘ਖੇਤੀ ਕਾਨੂੰਨ ਸਹੀ ਬਣਾਏ’ ਵਾਲੀ ਮੁਹਾਰਨੀ ਰਟਨ ਮਸ਼ਰੂਫ਼ ਹੈ। ਅੱਜ ਖੇਤੀ ਮੰਤਰੀ ਨਰਿੰਦਰ ਤੋਫਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਇਕ ਵਾਰ ਫਿਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਸਹੀ ਕਹਿਣ ਦੇ ਨਾਲ-ਨਾਲ ਕਿਸਾਨਾਂ ਦੀ ਮੰਗ ਮੁਤਾਬਕ ਇਸ ਵਿਚ ਸੋਧ ਕਰਨ ਦੀ ਗੱਲ ਦੁਹਰਾਈ ਹੈ। 

ਅੰਦੋਲਨਕਾਰੀ ਕਿਸਾਨਾਂ ਨੂੰ ਜਿੱਦ ਛੱਡ ਕੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਨਸੀਹਤ ਦਿੰਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਕਾਨੂੰਨ ਬਣਾਏ ਗਏ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਐਮਐਸਪੀ ਬਾਰੇ ਲਿਖਤੀ ਭਰੋਸਾ ਦੇਣ ਲਈ ਤਿਆਰ ਹੈ ਅਤੇ ਕਿਸਾਨ ਸੰਗਠਨ ਸਰਕਾਰ ਦੇ ਪ੍ਰਸਤਾਵ ’ਤੇ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਠੰਢ ਵਿਚ ਬੈਠਾ ਹੈ, ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਸਰਕਾਰ ਹਰ ਇਤਰਾਜ ’ਤੇ ਗੱਲਬਾਤ ਕਰਨ ਲਈ ਤਿਆਰ ਹੈ। ਕਿਸਾਨ ਜਦੋਂ ਚਾਹੁਣ, ਸਾਡੇ ਨਾਲ ਵਿਚਾਰ-ਵਟਾਂਦਰਾ ਕਰ ਸਕਦੇ ਹਨ।

ਦੂਜੇ ਪਾਸੇ ਕਿਸਾਨ ਜਥੇਬੰਦੀਆਂ ਸਰਕਾਰ ਵਲੋਂ ਬੀਤੇ ਕੱਲ੍ਹ ਭੇਜੇ ਪ੍ਰਸਤਾਵ ’ਤੇ ਇਕ ਵਾਰ ਮੁੜ ਵਿਚਾਰ ਕਰਨ ਲਈ ਰਾਜ਼ੀ ਹੋ ਗਈਆਂ ਹਨ। ਕਿਸਾਨ ਜਥੇਬੰਦੀਆਂ ਵਲੋਂ ਵੀ ਪ੍ਰਸਤਾਵ ’ਤੇ ਮੁੜ ਵਿਚਾਰ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਬੀਤੇ ਕੱਲ੍ਹ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਦਿਆਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਸੀ। ਕਿਸਾਨ ਜਥੇਬੰਦੀਆਂ ਨੇ ਅੱਜ ਹੋਣ ਵਾਲੀ ਮੀਟਿੰਗ ਨੂੰ ਰੱਦ ਕਰਦਿਆਂ ਅਗਲੀ ਮੀਟਿੰਗ ਸਿਰਫ ਖੇਤੀ ਕਾਨੂੰਨਾਂ  ਨੂੰ ਰੱਦ ਕਰਨ ਸਬੰਧੀ ਹੋਣ ਦੀ ਗੱਲ ਕਹੀ ਸੀ।