ਜੋਗਿੰਦਰ ਸਿੰਘ ਉਗਰਾਹਾਂ ਨੇ ਦਸੀਆਂ ਕੇਂਦਰ ਦੀਆਂ ਚਾਲਾਂ

ਏਜੰਸੀ

ਖ਼ਬਰਾਂ, ਪੰਜਾਬ

ਜੋਗਿੰਦਰ ਸਿੰਘ ਉਗਰਾਹਾਂ ਨੇ ਦਸੀਆਂ ਕੇਂਦਰ ਦੀਆਂ ਚਾਲਾਂ

image

ਕਿਹਾ, ਸਾਨੂੰ ਸਰਕਾਰ ਦੀਆਂ ਚਾਲਾਂ ਦਾ ਪਹਿਲਾਂ ਹੀ ਅੰਦਾਜ਼ਾ ਸੀ


ਨਵੀਂ ਦਿੱਲੀ, 9 ਦਸੰਬਰ (ਨਿਮਰਤ ਕੌਰ) : ਕੇਂਦਰ ਸਰਕਾਰ ਵਲੋਂ ਭੇਜੇ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਹੁਣ ਆਰ-ਪਾਰ ਦੇ ਮੂੜ ਵਿਚ ਆ ਗਈਆਂ ਹਨ। ਮੀਟਿੰਗਾਂ ਅਤੇ ਸੁਲਾਹ-ਸਫਾਈਆਂ ਦਾ ਦੌਰ ਹੁਣ ਖ਼ਤਮ ਹੋ ਚੁੱਕਾ ਹੈ ਅਤੇ ਕਿਸਾਨ ਜਥੇਬੰਦੀਆਂ ਹੁਣ ਹਾਂ ਜਾਂ ਨਾਂਹ ਦੇ ਰੌਂਅ ਵਿਚ ਆ ਗਈਆਂ ਹਨ ਜਦਕਿ ਸਰਕਾਰ ਅਜੇ ਵੀ ਮੀਟਿੰਗਾਂ ਅਤੇ ਪ੍ਰਸਤਾਵਾਂ ਵਿਚ ਉਲਝਾ ਕੇ ਮਾਮਲੇ ਨੂੰ ਹੋਰ ਪਾਸੇ ਲਿਜਾਣ ਦੇ ਮੂੜ ਵਿਚ ਹੈ।
ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਵਲੋਂ ਬੀਤੇ ਕੱਲ੍ਹ ਦੀ ਮੀਟਿੰਗ 'ਚ ਉਨ੍ਹਾਂ ਦੀ ਸ਼ਮੂਲੀਅਤ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਦੀ ਨਿੱਜੀ ਰਾਏ ਮੁਤਾਬਕ ਜਥੇਬੰਦੀਆਂ ਨੂੰ ਉਸ ਮੀਟਿੰਗ ਵਿਚ ਨਹੀਂ ਸੀ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਟੋਹ ਕੇ ਵੇਖਣਾ ਚਾਹੁੰਦੀ ਹੈ। ਘੱਟ ਜਥੇਬੰਦੀਆਂ ਦੇ ਜਾਣ ਨਾਲ ਲੋਕ ਸਾਨੂੰ ਸਵਾਲ ਪੁਛਦੇ ਹਨ ਕਿ ਸਾਰੇ ਕਿਉਂ ਨਹੀਂ ਗਏ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਦੇ ਸਾਢੇ 4 ਸੌ ਮੈਂਬਰਾਂ ਵਿਚਕਾਰ ਫ਼ੈਸਲਾ ਹੋ ਸਕਦਾ ਹੈ ਤਾਂ ਸਾਡੀਆਂ ਜਥੇਬੰਦੀਆਂ ਦੇ 40 ਬੰਦਿਆਂ ਵਿਚਾਲੇ ਫ਼ੈਸਲਾ ਕਿਉਂ ਨਹੀਂ ਹੋ ਸਕਦਾ। ਜਥੇਬੰਦੀਆਂ ਅੰਦਰ ਕਿਸੇ ਤਰ੍ਹਾਂ ਦੀ ਫੁਟ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਪੂਰੀ ਤਰ੍ਹਾਂ ਇਕਜੁਟ ਹਨ ਅਤੇ ਉਹ ਜਿੱਤ ਕੇ ਵਾਪਸ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਦੀਆਂ ਚਾਲਾਂ ਦਾ ਪਹਿਲਾਂ ਹੀ ਅੰਦਾਜ਼ਾ ਸੀ, ਤਾਂ ਹੀ ਅਸੀਂ 6-6 ਮਹੀਨੇ ਦਾ ਰਾਸ਼ਨ ਲੈ ਕੇ ਤੁਰੇ ਸੀ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਉਲਝਾਉਣਾ ਚਾਹੁੰਦੀ ਹੈ ਅਤੇ ਸਪਲਾਈ ਬੰਦ ਕਰਨਾ ਚਾਹੁੰਦੀ ਹੈ। ਅਸੀਂ ਆਪਣੇ ਵਰਕਰਾਂ ਨੂੰ ਕਹਿ ਰੱਖਿਆ ਹੈ ਕਿ ਮੈਦਾਨ ਦੀ ਲੜਾਈ ਤੁਸੀਂ ਜਿੱਤਣੀ ਹੈ ਅਤੇ ਮੇਜ 'ਤੇ ਅਸੀਂ ਇਨ੍ਹਾਂ ਦੀਆਂ ਚਾਲਾਂ ਦਾ ਜਵਾਬ ਦੇਣ ਲਈ ਤਿਆਰ ਬੈਠੇ ਹਾਂ। ਮੈਦਾਨ ਵਿਚੋਂ ਤੁਸੀਂ ਨਾ ਭੱਜਿਉਂ ਅਤੇ ਇੱਥੋਂ ਅਸੀਂ ਨਹੀਂ ਹਿਲਦੇ।
ਸਰਕਾਰ ਵਲੋਂ ਛੋਟੇ-ਛੋਟੇ ਸੁਝਾਅ ਭੇਜਣ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਉਲਝਾਉਣਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਢਾਹੁਣਾ ਹੁੰਦੀ ਹੈ ਅਤੇ ਅਸੀਂ ਇਸ ਤਿਆਰੀ 'ਚ ਹਾਂ ਕਿ ਸਰਕਾਰ ਨੂੰ ਕਿਵੇਂ ਢਾਹੁਣਾ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿਚ ਦੋ ਲੜਾਈਆਂ ਹਨ ਜਿਨ੍ਹਾਂ ਵਿਚ ਇਕ ਮੈਦਾਨ ਦੀ ਲੜਾਈ ਅਤੇ ਦੂਜੀ ਮੇਜ਼ ਦੀ ਲੜਾਈ ਹੈ।

ਸਰਕਾਰ ਨਾਲ ਮੁੜ ਗੱਲਬਾਤ ਕਰਨ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕਾਨੂੰਨਾਂ ਵਿਚ ਅਮੈਡਮੈਂਟ, ਕਮੀਆਂ ਅਤੇ ਹੋਰ ਮੁੱਦਿਆਂ 'ਤੇ ਲੰਮੀ ਵਿਚਾਰ-ਚਰਚਾ ਹੋ ਚੁੱਕੀ ਹੈ ਅਤੇ ਹੁਣ ਸਰਕਾਰ ਨਾਲ ਅਗਲੀ ਗੱਲਬਾਤ ਉਥੋਂ ਹੀ ਸ਼ੁਰੂ ਹੋਵੇਗੀ ਜਿੱਥੋਂ ਟੁੱਟੀ ਹੈ, ਭਾਵ ਹਾਂ ਜਾਂ ਨਾਂਹ ਤੋਂ ਹੀ ਸ਼ੁਰੂਆਤ ਹੋਵੇਗੀ। ਜੇਕਰ ਸਰਕਾਰ ਕੋਈ ਪ੍ਰਸਤਾਵ ਭੇਜਣਾ ਚਾਹੁੰਦੀ ਹੈ ਤਾਂ ਉਹ ਇਹ ਹੀ ਹੋਵੇਗਾ ਕਿ ਕਾਨੂੰਨ ਵਾਪਸ ਕਰਨਾ ਹੈ ਜਾਂ ਨਹੀਂ।

ਜਿੱਤ ਲਈ ਅਪਨਾਈ ਜਾਣ ਵਾਲੀ ਰਣਨੀਤੀ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੀ ਹਾਸੀ ਨੂੰ ਦੰਦ ਕਿਚਰਨਾ ਸਮਝਤੇ ਹਾਂ, ਅਸੀਂ ਇਨ੍ਹਾਂ ਦੀ ਮਿੱਠੀ ਮਿੱਠੀ ਬੋਲੀ ਨੂੰ ਚੈਲੰਜ ਸਮਝਦੇ ਹਾਂ, ਅਸੀਂ ਇਨ੍ਹਾਂ ਰਗ ਰਗ ਤੋਂ ਵਾਕਿਫ਼ ਹਾਂ ਕਿ ਇਹ ਕੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਲੰਮੀ ਹੋ ਸਕਦੀ ਹੈ ਪਰ ਅਖ਼ੀਰ ਜਿੱਤ ਸਾਡੀ ਹੀ ਹੋਵੇਗੀ ਅਤੇ ਅਸੀਂ ਇੱਥੋਂ ਜਿੱਤ ਕੇ ਜਾਵਾਂਗੇ।