ਕਾਰ ਦੇ ਖੂਹ 'ਚ ਡਿੱਗਣ ਨਾਲ 6 ਮੌਤਾਂ, ਤਿੰਨ ਲੋਕਾਂ ਨੂੰ ਬਚਾਇਆ

ਏਜੰਸੀ

ਖ਼ਬਰਾਂ, ਪੰਜਾਬ

ਕਾਰ ਦੇ ਖੂਹ 'ਚ ਡਿੱਗਣ ਨਾਲ 6 ਮੌਤਾਂ, ਤਿੰਨ ਲੋਕਾਂ ਨੂੰ ਬਚਾਇਆ

image

ਛੱਤਰਪੁਰ, (ਮੱਧ ਪ੍ਰਦੇਸ਼), 9 ਦਸੰਬਰ: ਛਤਰਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 35 ਕਿਲੋਮੀਟਰ ਦੂਰ ਦੀਵਾਨ ਜੀ ਦਾ ਪੂਰਵਾ ਪਿੰਡ ਨੇੜੇ ਇਕ ਕਾਰ ਦੇ ਖੂਹ ਵਿਚ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਮਹਾਰਾਜਪੁਰ ਥਾਣੇ ਦੇ ਇੰਚਾਰਜ ਜ਼ੈੱਡ ਵਾਏ ਖ਼ਾਨ ਨੇ ਬੁਧਵਾਰ ਨੂੰ ਦਸਿਆ ਕਿ ਬੀਤੀ ਰਾਤ ਇਕ ਕਾਰ ਖੂਹ ਵਿਚ ਡਿੱਗ ਗਈ, ਜਿਸ ਕਾਰਨ ਛੇ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ।ਉਨ੍ਹਾਂ ਕਿਹਾ ਕਿ ਖੂਹ ਦੁਆਲੇ ਕੋਈ ਚਾਰ ਦੀਵਾਰੀ ਨਹੀਂ ਕੀਤੀ ਗਈ ਸੀ ਅਤੇ ਇਸ ਕਾਰਨ ਡਰਾਈਵਰ ਖੂਹ ਨੂੰ ਨਹੀਂ ਵੇਖ ਸਕਿਆ ਅਤੇ ਕਾਰ ਇਸ ਵਿਚ ਜਾ ਡਿੱਗੀ। ਖਾਨ ਨੇ ਦਸਿਆ ਕਿ ਮਾਰੇ ਗਏ ਵਿਅਕਤੀ ਗੁਆਂਢੀ ਰਾਜ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦੇ ਸਵਾਸਾ ਪਿੰਡ ਦੇ ਰਹਿਣ ਵਾਲੇ ਸਨ ਅਤੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ। ਪੁਲਿਸ ਨੇ ਦਸਿਆ ਕਿ ਮ੍ਰਿਤਕਾਂ ਦੀ ਪਛਾਣ ਛਤਰਪਾਲ ਸਿੰਘ (40), ਰਾਜੂ ਕੁਸ਼ਵਾਹਾ (37), ਰਾਮਰਤਨ ਅਹੀਰਵਾਰ (37), ਧਨਸ਼ਿਆਮ ਅਹੀਰਵਾਰ (55), ਕੁਲਦੀਪ ਅਹੀਰਵਰ (22) ਅਤੇ ਰਾਮਸਹਾਏ ਅਹੀਰਵਰ (50) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (ਪੀਟੀਆਈ)