ਮਾਸਟਰ ਬਲਦੇਵ ਸਿੰਘ ਜੈਤੋ ਨੇ ਕਾਂਗਰਸ 'ਚ ਸ਼ਾਮਲ, ਕੱਲ੍ਹ ਦਿੱਤਾ ਸੀ 'ਆਪ' ਤੋਂ ਅਸਤੀਫ਼ਾ
ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ੇ ਨੂੰ ਸਵੀਕਾਰ ਕੀਤਾ ਜਾਵੇ।
ਮਾਨਸਾ : ਆਮ ਆਦਮੀ ਪਾਰਟੀ ’ਤੋਂ ਬੀਤੇ ਕੱਲ੍ਹ ਅਸਤੀਫ਼ਾ ਦੇਣ ਤੋਂ ਬਾਅਦ ਜੈਤੋ ਤੋਂ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਅੱਜ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੇ ਇਹ ਐਲਾਨ ਅੱਜ ਮਾਨਸਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਕੀਤਾ। ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭੇਜੇ ਆਪਣੇ ਅਸਤੀਫ਼ੇ ’ਚ ਮਾਸਟਰ ਬਲਦੇਵ ਸਿੰਘ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ੇ ਨੂੰ ਸਵੀਕਾਰ ਕੀਤਾ ਜਾਵੇ।
ਯਾਦ ਰਹੇ ਕਿ ਮਾਸਟਰ ਬਲਦੇਵ ਸਿੰਘ ਪਹਿਲਾਂ ਵੀ ਬਾਗੀ ਹੋ ਚੁੱਕੇ ਹਨ, ਜਦੋਂ ਉਹ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਦੇ ਗੁਟ ’ਚ ਸੁਖਪਾਲ ਸਿੰਘ ਖਹਿਰਾ ਦੇ ਨਾਲ ਜਾ ਮਿਲੇ ਸਨ। ਮਾਸਟਰ ਬਲਦੇਵ ਸਿੰਘ ਵਲੋਂ ਆਮ ਆਦਮੀ ਪਾਰਟੀ ਵਲੋਂ ਵਿਧਾਇਕ ਹੋਣ ਦੇ ਬਾਵਜੂਦ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਦੀ ਟਿਕਟ ’ਤੇ ਫਰੀਦਕੋਟ ਲੋਕ ਸਭਾ ਸੀਟ ਤੋਂ ਚੋਣ ਵੀ ਲੜੀ ਸੀ ਅਤੇ ਹਾਰ ਗਏ ਸਨ। ਉਸ ਤੋਂ ਬਾਅਦ ਉਨ੍ਹਾਂ ਖਿਲਾਫ਼ ਪੰਜਾਬ ਵਿਧਾਨ ਸਭਾ ’ਚ ਉਨ੍ਹਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਸ਼ਿਕਾਇਤ ਪਹੁੰਚੀ ਸੀ ਅਤੇ ਉਸੇ ’ਤੇ ਕਈ ਮਹੀਨੇ ਦੀ ਸੁਣਵਾਈ ਤੋਂ ਬਾਅਦ ਆਖਿਰ ਪੰਜਾਬ ਵਿਧਾਨ ਸਭਾ ਸਪੀਕਰ ਵਲੋਂ 26 ਅਕਤੂਬਰ ਨੂੰ ਉਨ੍ਹਾਂ ਨੂੰ ਅਯੋਗ ਐਲਾਨਦਿਆਂ ਜੈਤੋ ਵਿਧਾਨ ਸਭਾ ਸੀਟ ਨੂੰ ਖਾਲੀ ਐਲਾਨ ਕਰ ਦਿੱਤਾ ਗਿਆ ਸੀ।